ਭਾਰਤ ‘ਚ ਕਿਸੇ ਵੀ ਵਕਤ ਹੋ ਸਕਦਾ ਹੈ ਅੱਤਵਾਦੀ ਹਮਲਾ : ਅਮਰੀਕਾ

by

ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕਾ ਨੇ ਭਾਰਤ ਨੂੰ ਸੁਚੇਤ ਕੀਤਾ ਹੈ ਕਿ ਪਾਕਿਸਤਾਨੀ ਅੱਤਵਾਦੀ ਹਮਲੇ ਦੀ ਫ਼ਿਰਾਕ ਵਿਚ ਹਨ। ਉਹ ਜੰਮੂ-ਕਸ਼ਮੀਰ ਨਾਲ ਜੁੜੀ ਧਾਰਾ 370 ਨੂੰ ਖ਼ਤਮ ਕੀਤੇ ਜਾਣ ਕਾਰਨ ਭਾਰਤ ਵਿਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇ ਸਕਦੇ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਕਿਹਾ ਕਿ ਜੇ ਪਾਕਿਸਤਾਨ ਅੱਤਵਾਦੀ ਜਮਾਤਾਂ 'ਤੇ ਸ਼ਿਕੰਜਾ ਕੱਸਿਆ ਤਾਂ ਇਨ੍ਹਾਂ ਹਮਲਿਆਂ ਨੂੰ ਰੋਕਿਆ ਜਾ ਸਕਦਾ ਹੈ। ਅਮਰੀਕਾ ਦੇ ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਰੱਖਿਆ ਸਕੱਤਰ ਰੈਂਡਲ ਸ਼੍ਰਾਈਵਰ ਨੇ ਮੰਗਲਵਾਰ ਨੂੰ ਇੱਥੇ ਕਿਹਾ, 'ਕਸ਼ਮੀਰ 'ਤੇ ਭਾਰਤ ਸਰਕਾਰ ਦੇ ਨਵੇਂ ਕਦਮਾਂ ਨਾਲ ਕਈ ਦੇਸ਼ਾਂ ਨੂੰ ਖ਼ਦਸ਼ਾ ਹੈ ਕਿ ਅੱਤਵਾਦੀ ਜਮਾਤਾਂ ਸਰਹੱਦ ਪਾਰ ਹਮਲਿਆਂ ਨੂੰ ਅੰਜਾਮ ਦੇ ਸਕਦੀਆਂ ਹਨ।

ਮੈਨੂੰ ਨਹੀਂ ਲੱਗਦਾ ਕਿ ਚੀਨ ਇਸ ਤਰ੍ਹਾਂ ਦਾ ਕੋਈ ਸੰਘਰਸ਼ ਚਾਹੇਗਾ ਜਾਂ ਇਸ ਦਾ ਸਮਰਥਨ ਕਰੇਗਾ।' ਸ਼੍ਰਾਈਵਰ ਨੇ ਕਸ਼ਮੀਰ ਮਸਲੇ 'ਤੇ ਪਾਕਿਸਤਾਨ ਦਾ ਚੀਨ ਵੱਲੋਂ ਸਮਰਥਨ ਕੀਤੇ ਜਾਣ ਬਾਰੇ ਪੁੱਛੇ ਗਏ ਇਕ ਸਵਾਲ 'ਤੇ ਇਹ ਜਵਾਬ ਦਿੱਤਾ। ਭਾਰਤ ਨੇ ਬੀਤੀ ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਨਾਲ ਜੁੜੀ ਸੰਵਿਧਾਨ ਦੀ ਧਾਰਾ 370 ਤੇ 35ਏ ਨੂੰ ਰੱਦ ਕਰ ਦਿੱਤਾ ਸੀ। ਸ਼੍ਰਾਈਵਰ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਇਹ (ਕਸ਼ਮੀਰ ਮਸਲੇ 'ਤੇ ਚੀਨ ਦਾ ਪਾਕਿਸਤਾਨ ਨੂੰ ਸਮਰਥਨ' ਬਹੁਤ ਹੱਦ ਤਕ ਕੂਟਨੀਤਕ ਤੇ ਸਿਆਸੀ ਸਮਰਥਨ ਹੈ। ਉਨ੍ਹਾਂ ਨੇ (ਚੀਨ) ਪਾਕਿਸਤਾਨ ਦਾ ਅੰਤਰਰਾਸ਼ਟਰੀ ਮੰਚ 'ਤੇ ਸਮਰਥਨ ਕੀਤਾ ਹੈ। ਕਸ਼ਮੀਰ ਮਸਲੇ ਨੂੰ ਸੰਯੁਕਤ ਰਾਸ਼ਟਰ ਵਿਚ ਲਿਜਾਣ ਜਾਂ ਨਾ ਲਿਜਾਣ ਸਬੰਧੀ ਕੋਈ ਚਰਚਾ ਹੋਈ ਤਾਂ ਚੀਨ ਇਸ ਦਾ ਸਮਰਥਨ ਕਰੇਗਾ ਪਰ ਮੈਨੂੰ ਨਹੀਂ ਲੱਗਦਾ ਕਿ ਚੀਨ ਇਸ ਤੋਂ ਜ਼ਿਆਦਾ ਕੁਝ ਕਰੇਗਾ।'