ਲੁਧਿਆਣਾ (ਇੰਦਰਜੀਤ ਸਿੰਘ) : ਪੰਜਾਬ 'ਚ ਪਿਛਲੇ ਲੰਬੇ ਸਮੇਂ ਤੋਂ ਆਪਸੀ ਸਮਝੌਤੇ ਨਾਲ ਸਰਕਾਰਾਂ ਚਲਾਈਆਂ ਜਾ ਰਹੀਆਂ ਹਨ। ਇਸ ਸਮੇਂ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਨਾਲ ਮਿਲਜੁੱਲ ਕੇ ਸਰਕਾਰ ਚੱਲ ਰਹੀ ਹੈ, ਜਿਸ ਸਬੰਧ 'ਚ ਪੰਜਾਬ ਦਾ ਬੱਚਾ-ਬੱਚਾ ਜਾਣ ਚੁੱਕਿਆ ਹੈ। ਤੁਸੀਂ ਅਕਾਲੀ ਕਾਂਗਰਸ ਦੀ ਗ੍ਰਿਫਤ ਤੋਂ ਬਾਹਰ ਆਓ ਤੇ ਕਿਸੇ ਤੀਜੀ ਧਿਰ ਨੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠਾਓ ਤਾਂ ਦੇਖੋ ਕਿਵੇਂ ਬਦਲਾਅ ਆਉਂਦਾ ਹੈ। ਇਹ ਦਾਅਵਾ ਲਿਪ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਿੰਡ ਕੋਠੇ ਪੋਨਾ 'ਚ ਡਾ.ਸ਼ਿੰਗਾਰਾ ਸਿੰਘ ਦੇ ਘਰੋਂ ਇਕੱਠੇ ਲੋਕਾਂ ਨੂੰ ਸੰਬੋਧਿਤ ਕੀਤਾ। ਉਹ ਦਾਖਾ ਵਿਧਾਨ ਸਭਾ ਤੋਂ ਉਮੀਦਵਾਰ ਸੁਖਦੇਵ ਸਿੰਘ ਚੱਕ ਦੇ ਪੱਖ 'ਚ ਪ੍ਰਚਾਰ ਕਰਨ ਪਹੁੰਚੇ ਸਨ।
ਬੈਂਸ ਨੇ ਕਿਹਾ ਕਿ ਸਾਡੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਵਿਸ਼ੇਸ਼ ਪਾਰਟੀ ਨਾਲ ਨਹੀਂ ਬਲਕਿ ਭ੍ਰਿਸ਼ਟ ਸਿਮਟਮ ਖ਼ਿਲਾਫ਼ ਹੈ। ਮੇਰੇ ਵਿਰੋਧੀ ਪ੍ਰਚਾਰ ਕਰਦੇ ਹਨ ਕਿ ਬੈਂਸ ਖ਼ਿਲਾਫ਼ 13 ਪਰਚੇ ਦਰਜ ਹਨ। ਮੈਂ ਕਹਿੰਦਾ ਹਾਂ ਕਿ ਉਹ ਮੇਰੇ ਗੋਲਡ ਮੈਡਲ ਹਨ ਕਿਉਂਕਿ ਇਹ ਪਰਚੇ ਮੇਰੇ ਖ਼ਿਲਾਫ਼ ਕਿਸੇ ਦੀ ਜ਼ਮੀਨ ਲੈਣ ਜਾਂ ਕਿਸੇ ਮਾਫੀਆ ਨਾਲ ਗਠਜੋੜ ਤੇ ਭ੍ਰਿਸ਼ਟਾਚਾਰ ਨਹੀਂ ਬਲਕਿ ਉਹ ਹਨ ਜੋ ਮੈਂ ਲੋਕਾਂ ਦੇ ਹੱਕ ਦੀ ਆਵਾਜ਼ ਬੁਲੰਦ ਕੀਤੀ ਤੇ ਸਰਕਾਰ ਨੂੰ ਚੁੱਭ ਗਈ। ਇਸ ਲਈ ਅਸੀਂ ਸਾਰੇ ਸਿਸਟਮ ਨੂੰ ਬਦਲਣ ਲਈ ਆਪਸ 'ਚ ਮਿਲੀਭੁਗਤ ਵਾਲੀਆਂ ਸਰਕਾਰਾਂ ਚਲਾਉਣ ਵਾਲੀਆਂ ਪਾਰਟੀਆਂ ਤੇ ਆਗੂਆਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਲਈ ਅੱਗੇ ਆਉਣਾ ਹੋਵੇਗਾ।



