ਚੰਡੀਗੜ੍ਹ (Vikram Sehajpal) : ਨਰਾਤਿਆਂ ਦੇ ਚੱਲਦਿਆਂ ਅੱਜ ਅੱਠਵੇਂ ਦਿਨ ਨੂੰ ਅਸ਼ਟਮੀ ਵਜੋਂ ਪੂਜਿਆ ਜਾਵੇਗਾ। ਇਸ ਦਿਨ ਕੰਜਕ ਪੂਜਨ ਕਰ ਕੇ ਮਾਂ ਮਹਾਗੌਰੀ ਦੀ ਅਰਾਧਨਾ ਕੀਤੀ ਜਾਂਦੀ ਹੈ। ਇਸ ਦਿਨ ਪੂਰੀ ਤਰ੍ਹਾਂ ਵਿਧੀ-ਵਿਧਾਨ ਨਾਲ ਕੰਨਿਆ ਪੂਜਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਸ਼ਟਮੀ ਮੌਕੇਟਵੀਟ ਕਰ ਵਧਾਈ ਦਿੱਤੀ।
ਕੈਪਟਨ ਨੇ ਲਿਖਿਆ, "ਦੁਰਗਾ ਅਸ਼ਟਮੀ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਮਾਂ ਦੁਰਗਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਘਰ ‘ਚ ਖੁਸ਼ਹਾਲੀ ਬਣਾਈ ਰੱਖੇ।" ਦੱਸ ਦਈਏ ਕਿ ਸ਼ਾਰਦੀਆ ਨਵਰਾਤਰੀ ਤੋਂ ਨੌਂ ਦਿਨਾਂ ਤੱਕ ਦੁਰਗਾ ਮਾਤਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ 'ਚ ਸ਼ਰਧਾਲੂ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਰਤ ਰੱਖਦੇ ਹਨ। ਅੱਜ ਦੇ ਦਿਨ ਨਵਰਾਤਰਿਆਂ ਦੇ ਵਰਤ ਰੱਖਣ ਵਾਲੇ ਸ਼ਰਧਾਲੂ ਖ਼ਾਸ ਤਿਆਰੀਆਂ ਕਰਦੇ ਹਨ।
ਅਸ਼ਟਮੀ ਪੂਜਾ ਦੀ ਮਹੱਤਤਾ
ਨਵਰਾਤਰੇ ਦੇ ਅੱਠਵੇਂ ਦਿਨ ਮਾਂ ਦੁਰਗਾ ਦੇ ਅੱਠਵੇਂ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਧਾਰਮਿਕ ਮਾਨਤਾਵਾਂ ਮੁਤਾਬਕ ਇਸ ਦਿਨ ਮਹਾਗੌਰੀ ਦੀ ਪੂਜਾ ਕਰਨ ਨਾਲ ਵਿਅਕਤੀ ਦੀ ਧਨ-ਸੰਪਤੀ ਵਿੱਚ ਵਾਧਾ ਹੁੰਦਾ ਹੈ।



