ਤਾਮਿਲਨਾਡੂ (Vikram Sehajpal) : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੋ ਦਿਨਾਂ ਦੌਰੇ ਉੱਤੇ ਚੇਨੱਈ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਦੇ ਵਿਚਕਾਰ ਦੂਜਾ ਗ਼ੈਰ ਰਸਮੀ ਸਿਖਰ ਸੰਮੇਲਨ ਅੱਜ ਮਹਾਂਬਲੀਪੁਰਮ ਵਿੱਚ ਸ਼ੁਰੂ ਹੋਵੇਗਾ। ਸ਼ੀ ਜਿਨਪਿੰਗ ਅਤੇ ਹੋਰ ਲੋਕਾਂ ਨੂੰ ਲੈ ਕੇ ਏਅਰ ਚਾਈਨਾ ਦਾ ਜਹਾਜ਼ ਦੁਪਹਿਰ 12 ਵਜੇ ਉੱਤਰਿਆ। ਹਵਾਈ ਅੱਡੇ ਉੱਤੇ ਸ਼ੀ ਜਿਨਪਿੰਗ ਲਈ ਖ਼ਾਸ ਤਿਆਰੀਆਂ ਕੀਤੀਆਂ ਗਈਆਂ ਸਨ।
ਲਾਲ ਕਾਰਪੈੱਟ ਨਾਲ ਰਾਸ਼ਟਰਪਤੀ ਸ਼ੀ ਦਾ ਸਵਾਗਤ ਤਾਮਿਲਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ, ਮੁੱਖ ਮੰਤਰੀ ਕੇ. ਪਸਾਸਵਾਮੀ, ਉੱਪ ਮੁੱਖ ਮੰਤਰੀ ਓ. ਪੰਨੀਰਸੇਲਵਮ ਨੇ ਕੀਤਾ। ਚੀਨੀ ਰਾਸ਼ਟਰਪਤੀ ਦੇ ਸਵਾਗਤ ਲਈ ਹਵਾਈ ਅੱਡੇ ਉੱਤੇ ਵੱਡੀ ਗਿਣਤੀ ਵਿੱਚ ਕਲਾਕਾਰ ਰੰਗ-ਬਰੰਗੇ ਝੰਡੇ ਲੈ ਕੇ ਕਤਾਰਾਂ ਵਿੱਚ ਖੜ੍ਹੇ ਸਨ ਜੋ ਕਿ ਝੋਲ ਵਜਾ ਰਹੇ ਸਨ। ਸਥਾਨਕ ਕਲਾਕਾਰਾਂ ਨੇ ਲੋਕ ਨਾਚ ਵੀ ਪੇਸ਼ ਕੀਤਾ।ਸ਼ੀ ਜਿਨਪਿੰਗ ਦੇ ਨਾਲ ਵਿਦੇਸ਼ ਮੰਤਰੀ ਵਾਂਗ ਯੀ ਅਤੇ ਚੀਨ ਦੇ ਸਟੇਟ ਕਾਉਂਸਲਰ ਯਾਂਗ ਜੀਏਚੀ ਵੀ ਆਏ ਹਨ।
ਦੋਵੇਂ ਹੀ ਭਾਰਤ ਵਿੱਚ ਆਪਣੇ ਹਮਰੁਤਬਾ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰਾਸ਼ਟਰੀ ਸਲਾਹਕਾਰ ਅਜੀਤ ਡੋਭਾਲ ਦੇ ਨਾਲ ਵੱਖ-ਵੱਖ ਗੱਲਬਾਤ ਕਰ ਸਕਦੇ ਹਨ। ਦੋਨਾਂ ਪੱਖਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਮੋਦੀ ਅਤੇ ਸ਼ੀ ਸਿਖਰ ਸੰਮੇਲਨ ਵਿੱਚ ਮੁੱਖ ਰੂਪ ਨਾਲ ਉੱਭਰਦੀ ਹੋਈ ਅਰਥਵਿਵਸਥਾ ਵਿਚਾਲੇ ਦੋ ਪੱਖੀ ਕਾਰੋਬਾਰ ਅਤੇ ਵਿਕਾਸ ਸਹਿਯੋਗ ਨੂੰ ਕਸ਼ਮੀਰ ਮੁੱਦੇ ਉੱਤੇ ਮਤਭੇਦਾਂ ਅਤੇ ਸਰਹੱਦ ਸਬੰਧੀ ਵਿਸ਼ੇ ਤੋਂ ਅਲੱਗ ਲੈ ਕੇ ਜਾਣ ਉੱਤੇ ਧਿਆਨ ਹੋਵੇਗਾ।



