ਜਲੰਧਰ (ਇੰਦਰਜੀਤ ਸਿੰਘ) : ਬਰਲਟਨ ਪਾਰਕ 'ਚ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਮੈਚ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਕਿ ਸੁਰਜੀਤ ਹਾਕੀ ਸਟੇਡੀਅਮ 'ਚ ਜਲਦ ਹੀ ਨਵਾਂ ਐਸਟ੍ਰੋਟਰਫ ਲਗਵਾਇਆ ਜਾ ਰਿਹਾ ਹੈ। ਇਸ ਮੌਕੇ ਸੋਢੀ ਨੇ ਕਿਹਾ ਕਿ ਸਟੇਡੀਅਮ 'ਚ ਐਸਟ੍ਰੋਟਰਫ ਲਾਉਣ ਸਬੰਧੀ ਜੋ ਪ੍ਰਸਤਾਵ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਭੇਜਿਆ ਗਿਆ ਸੀ, ਉਸ ਨੂੰ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ ਤੇ ਛੇਤੀ ਹੀ ਐਸਟਰੋਟਰਫ ਲਾਉਣ ਦਾ ਕੰਮ ਸ਼ੁਰੂ ਹੋ ਜਾਵੇਗ। ਇਸ ਮੌਕੇ ਉਨ੍ਹਾਂ ਨੇ ਸੁਰਜੀਤ ਹਾਕੀ ਸੁਸਾਇਟੀ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ 21 ਲੱਖ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।
ਹਾਕੀ ਵਿਚ ਪੰਜਾਬ ਤੇ ਵਿਸ਼ੇਸ਼ ਕਰਕੇ ਜਲੰਧਰ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਜਲੰਧਰ ਸਥਿਤ ਹੋਰ ਵੀ ਖੇਡ ਮੈਦਾਨ ਛੇਤੀ ਹੀ ਠੀਕ ਕਰਵਾਏ ਜਾਣਗੇ ਤਾਂ ਜੋ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੈਦਾਨ ਮੁਹੱਈਆ ਕਰਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੌਜੂਦਾ ਭਾਰਤੀ ਹਾਕੀ ਟੀਮ ਵਿਚ ਪੰਜਾਬ ਦੇ 9 ਖਿਡਾਰੀ ਹਨ, ਜਦੋਂਕਿ ਜੂਨੀਅਰ ਭਾਰਤੀ ਹਾਕੀ ਟੀਮ ਵਿਚ ਵੀ 13 ਖਿਡਾਰੀ ਪੰਜਾਬ ਨਾਲ ਸਬੰਧਤ ਹਨ, ਜਿਨ੍ਹਾਂ 'ਚੋਂ ਬਹੁਤੇ ਖਿਡਾਰੀ ਸੁਰਜੀਤ ਹਾਕੀ ਅਕੈਡਮੀ ਵੱਲੋਂ ਤਿਆਰ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਤੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ।
ਉਨ੍ਹਾਂ ਨੇ ਸੁਰਜੀਤ ਹਾਕੀ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੀਤੀ ਅਣਥੱਕ ਮਿਹਨਤ ਕਰਨ 'ਤੇ ਵਧਾਈ ਦਿੱਤੀ ਤੇ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਚੇਅਰਮੈਨ ਪਨਸਪ ਤਜਿੰਦਰ ਸਿੰਘ ਬਿੱਟੂ, ਰਾਜਨ ਸਿੱਧੂ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਅਮਲੋਕ ਸਿੰਘ ਗਾਖਲ ਪਰਵਾਸੀ ਭਾਰਤੀ, ਨੱਥਾ ਸਿੰਘ ਗਾਖਲ, ਹਰਜਿੰਦਰ ਲਿੱਧੜ, ਜਸਕਰਨ ਗਾਖਲ, ਸਾਧੂ ਸਿੰਘ, ਹਰਦੀਪ ਗਾਖਲ, ਲਸ਼ਕਰ ਸਿੰਘ ਢਿੱਲੋਂ, ਅਮਰੀਕ ਸਿੰਘ ਪੁਆਰ ਡੀਸੀਪੀ, ਇਕਬਾਲ ਸਿੰਘ ਸੰਧੂ ਏਡੀਸੀ ਲੁਧਿਆਣਾ, ਸੁਰਜੀਤ ਹਾਕੀ ਸੁਸਾਇਟੀ ਦੇ ਚੀਫ ਪੀਆਰਓ ਸੁਰਿੰਦਰ ਸਿੰਘ ਭਾਪਾ, ਰਾਮ ਪ੍ਰਤਾਪ, ਤਰਲੋਕ ਸਿੰਘ ਭੁੱਲਰ ਕੌਮਾਂਤਰੀ ਹਾਕੀ ਅੰਪਇਰ ਕੈਨੇਡਾ, ਲਖਵਿੰਦਰ ਪਾਲ ਸਿੰਘ ਖਹਿਰਾ, ਕੁਲਵਿੰਦਰ ਸਿੰਘ ਥਿਆੜਾ, ਜਸਬੀਰ ਸਿੰਘ ਏਡੀਸੀ, ਗੁਰਵਿੰਦਰ ਗੁੱਲੂ, ਰਣਬੀਰ ਸਿੰਘ ਰਾਣਾ ਟੁੱਟ, ਰਕਸ਼ਕ ਹਾਕੀ ਦੇ ਸੰਜੇ ਕੋਹਲੀ, ਸੀ ਟੀ ਗਰੁੱਪ ਦੇ ਐੱਮਡੀ ਮਨਬੀਰ ਸਿੰਘ, ਪੰਜਾਬ ਐਂਡ ਸਿੰਧ ਬੈਂਕ ਦੇ ਕੋਚ ਓਲੰਪੀਅਨ ਸੰਜੀਵ ਕੁਮਾਰ, ਸੇਂਟ ਸੋਲਜਰ ਦੇ ਰਾਜਨ ਚੋਪੜਾ, ਓਲੰਪੀਅਨ ਰਿਪੂਦਮਨ ਕੁਮਾਰ ਸਿੰਘ ਤੇ ਹੋਰ ਹਾਜ਼ਰ ਸਨ।
ਫਾਈਨਲ ਤੋਂ ਪਹਿਲਾਂ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਰੰਗ ਬੰਨ੍ਹਿਆ ਤੇ ਆਪਣੇ ਗੀਤਾਂ ਨਾਲ ਖੇਡ ਪ੍ਰੇਮੀਆਂ ਤੇ ਦਰਸ਼ਕਾਂ ਨੂੰ ਨਿਹਾਲ ਕੀਤਾ ਤੇ ਖਚਾਖਚ ਭਰੇ ਸੁਰਜੀਤ ਹਾਕੀ ਸਟੇਡੀਅਮ 'ਚ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕੀਤਾ ਤੇ ਆਪਣੇ ਮਨਪਸੰਦ ਗੀਤ 'ਤੇਰੇ ਗੁੱਟ ਨੂੰ ਕੜਾ ਸਰਦਾਰਨੀਏ' ਦੋ ਵਾਰੀ ਦਰਸ਼ਕਾਂ ਦੀ ਫਰਮਾਇਸ਼ 'ਤੇ ਪੇਸ਼ ਕੀਤਾ। 'ਤੇਰੇ ਨਾਲ ਮੈਂ ਜਚਦੀ ਜਿਵੇਂ ਗੁੱਡੀਆਂ ਨਾਲ ਪਟੋਲੇ', ਮੁੰਡਾ ਕੈਨੇਡਾ 'ਚ ਕਰਦਾ ਡਰੈਵਰੀ ਤੈਨੂੰ ਰਿਸ਼ਤਾ ਕਰਵਾਵਾਂ ਸਾਲੀਏ', 'ਲੋਕ ਦਾ ਤਾਂ ਨਾਮ ਚਲਦਾ ਪਰ ਮਿੱਤਰਾ ਦਾ ਚਲਦਾ ਉਧਾਰ ਬੱਲੀਏ' ਗਾ ਕੇ ਹਾਕੀ ਪÎ੍ਰੇਮੀਆਂ ਦਾ ਮਨੋਰੰਜਨ ਕੀਤਾ। ਸਟੇਡੀਅਮ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖਤ ਪ੍ਰਬੰਧ ਪੁਲਿਸ ਵੱਲੋਂ ਕੀਤੇ ਗਏ ਸਨ ਤੇ ਸਾਰਾ ਸਟੇਡੀਅਮ ਪੂਰੀ ਤਰ੍ਹਾਂ ਨਾਲ ਦਰਸ਼ਕਾਂ ਨਾਲ ਭਰਿਆ ਹੋਇਆ ਸੀ ਤੇ ਖੇਡ ਪ੍ਰੇਮੀਆਂ ਨੇ ਰੰਗਾਰੰਗ ਪ੍ਰੋਗਰਾਮ ਤੇ ਹਾਕੀ ਮੈਚ ਦਾ ਪੂਰਾ ਅਨੰਦ ਮਾਣਿਆਂ। ਸਟੇਡੀਅਮ ਵਿਚ ਮੈਚ ਵੇਖਣ ਲਈ ਦੋ ਵੱਡੀਆਂ ਸਕਰੀਨਾਂ ਵੀ ਲਾਈਆਂ ਗਈਆਂ ਸਨ ਤੇ ਫਾਈਨਲ ਮੈਚ ਦਾ ਲਾਈਵ ਪ੍ਰਸਾਰਣ ਵੀ ਕੀਤਾ ਗਿਆ।
ਸਮਾਪਤੀ ਮੌਕੇ 'ਤੇ ਪੰਜਾਬੀ ਮੁਟਿਆਰਾਂ ਨੇ ਗਿੱਧੇ ਦੀ ਪੇਸ਼ਕਾਰੀ ਵੀ ਦਿੱਤੀ।ਟੂਰਨਾਮੈਂਟ ਦੌਰਾਨ ਸਭ ਤੋਂ ਵੱਧ ਗੋਲ ਪੰਜਾਬ ਐਂਡ ਸਿੰਧ ਬੈਂਕ ਦੇ ਖਿਡਾਰੀ ਗਗਨਪ੍ਰੀਤ ਸਿੰਘ ਨੇ ਕੀਤੇ। ਉਸ ਨੇ ਇਸ ਟੂਰਨਾਮੈਂਟ ਦੌਰਾਨ ਕੁੱਲ 6 ਗੋਲ ਕੀਤੇ ਹਨ। ਉਹ ਟੂਰਨਾਮੈਂਟ ਦੇ ਲੀਗ ਮੈਚਾਂ ਦੌਰਾਨ ਉਸ ਦੇ ਤਿੰਨ ਗੋਲ ਸਨ, ਜਦੋਂਕਿ ਇੰਡੀਅਨ ਨੇਵੀ ਦੇ ਪਵਨ ਰਾਜ ਤੇ ਰੇਲਵੇ ਦੇ ਪ੍ਰਦੀਪ ਦੇ 4-4 ਗੋਲ ਸਨ। ਸੈਮੀਫਾਈਨਲ ਮੁਕਾਬਲੇ ਦੌਰਾਨ ਇਕ ਵਾਰ ਗਗਨਪ੍ਰੀਤ ਨੇ ਆਪਣੀ ਖੇਡ ਦਾ ਲੋਹਾ ਮੰਨਵਾਉਂਦਿਆਂ ਦੋ ਗੋਲ ਕਰਨ 'ਚ ਸਫਲਤਾ ਹਾਸਲ ਕੀਤੀ ਤੇ ਉਸ ਦਾ ਕੁੱਲ ਗੋਲ ਸਕੋਰ 5 'ਤੇ ਪੁੱਜ ਗਿਆ ਸੀ। ਇੰਡੀਅਨ ਆਇਲ ਨਾਲ ਖੇਡੇ ਗਏ ਫਾਈਨਲ ਮੈਚ ਦੌਰਾਨ ਗਗਨਪ੍ਰੀਤ ਨੇ ਮੈਦਾਨੀ ਗੋਲ ਤੇ ਪੈਨਲਟੀ ਸ਼ੂਟ ਆਊਟ ਦੌਰਾਨ ਵੀ ਇਕ ਗੋਲ ਕਰਕੇ ਸਾਰੇ ਟੂਰਨਾਮੈਂਟ ਦੌਰਾਨ ਕੁੱਲ 7 ਗੋਲ ਕਰਨ ਦਾ ਮਾਣ ਹਾਸਲ ਕੀਤਾ। ਉਸ ਨੂੰ ਚੋਣ ਕਮੇਟੀ ਦੇ ਚੇਅਰਮੈਨ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਨੇ 36ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦਾ ਬੈਸਟ ਖਿਡਾਰੀ ਐਲਾਨਿਆ।
ਗਗਨਪ੍ਰੀਤ ਸਿੰਘ ਨੂੰ ਰਣਜੀਤ ਸਿੰਘ ਰਾਣਾ ਟੁੱਟ ਵੱਲੋਂ ਸਪਾਂਸਰ 51,000 ਰੁਪਏ ਦਾ ਇਨਾਮ ਦਿੱਤਾ ਗਿਆ।ਪੰਜਾਬ ਐਂਡ ਸਿੰਧ ਬੈਂਕ ਤੇ ਇੰਡੀਅਨ ਆਇਲ ਵਿਚਾਲੇ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੰਚ ਸੰਚਾਲਕ ਵੱਲੋਂ ਐਲਾਨ ਕੀਤਾ ਗਿਆ ਕਿ ਪਰਾਗਪੁਰ ਦੇ ਪਰਵਾਸੀ ਭਾਰਤੀ ਟੁੱਟ ਪਰਿਵਾਰ 'ਚੋਂ ਰਣਜੀਤ ਸਿੰਘ ਰਾਣਾ ਟੁੱਟ ਵੱਲੋਂ ਇਸ ਖ਼ਿਤਾਬੀ ਮੁਕਾਬਲੇ ਦੌਰਾਨ ਗੋਲ ਕਰਨ ਵਾਲੇ ਖਿਡਾਰੀ ਇਕ ਗੋਲ ਬਦਲੇ 11 ਕਿੱਲੋ ਬਦਾਮ ਦਿੱਤੇ ਜਾਣਗੇ। ਇਸ ਸੰਘਰਸ਼ਪੂਰਨ ਫਾਈਨਲ ਮੁਕਾਬਲੇ ਵਿਚ ਨਿਰਧਾਰਤ ਸਮੇਂ ਦੌਰਾਨ ਦੋਵਾਂ ਟੀਮਾਂ ਨੇ ਦੋ-ਦੋ ਗੋਲ ਕੀਤੇ ਤੇ ਇਸ ਤਰ੍ਹਾਂ ਦੋਵਾਂ ਟੀਮਾਂ ਦੇ ਗੋਲ ਕਰਨ ਵਾਲੇ ਖਿਡਾਰੀਆਂ 'ਚੋਂ ਗਗਨਪ੍ਰੀਤ ਸਿੰਘ, ਅਸ਼ੀਸ਼ਪਾਲ ਸ਼ਰਮਾ, ਰੋਸ਼ਨ ਮਿੰਜ ਤੇ ਅਫਾਨ ਯੂਸਫ ਨੂੰ 11-11 ਕਿੱਲੋ ਬਦਾਮ ਕੇ ਸਨਮਾਨਤ ਕੀਤਾ।ਇਸ ਵਾਰ ਦਾ ਸੁਰਜੀਤ ਹਾਕੀ ਟੂਰਨਾਮੈਂਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਸੀ।
ਇਸ ਲਈ ਸੁਰਜੀਤ ਹਾਕੀ ਸੁਸਾਇਟੀ ਦੇ ਸਹਿਯੋਗ ਵਜੋਂ ਪੰਜ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੇ 550 ਹਾਕੀ ਕਿੱਟਾਂ 550 ਖਿਡਾਰੀਆਂ ਲਈ ਸਪਾਂਸਰ ਕੀਤੀਆਂ ਸਨ। ਇਹ ਹਾਕੀ ਕਿੱਟਾਂ ਮੁੱਖ ਮਹਿਮਾਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪੰਜਾਬ ਦੇ ਵੱਖ-ਵੱਖ ਸਕੂਲਾਂ ਤੋਂ ਆਏ ਹਾਕੀ ਖਿਡਾਰੀਆਂ ਨੇ ਵੰਡੀਆਂ ਗਈਆਂ। ਉਨ੍ਹਾਂ ਨੇ ਸੁਰਜੀਤ ਹਾਕੀ ਸੁਸਾਇਟੀ ਅਤੇ ਖੇਡ ਕਿੱਟਾਂ ਸਪਾਂਸਰ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ। ਸੁਸਾਇਟੀ ਵੱਲੋਂ ਮੁੱਖ ਮਹਿਮਾਨ ਤੇ ਹੋਰਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ।ਮੈਚ ਖਤਮ ਹੋਣ ਤੋਂ ਬਾਅਦ ਦਰਸ਼ਕਾਂ ਵੱਲੋਂ ਪਾਏ ਗਏ ਲੱਕੀ ਕੂਪਨਾਂ 'ਚੋਂ ਇਨਾਮ ਕੱਢੇ ਗਏ। ਇਨ੍ਹਾਂ 'ਚ ਆਲਟੋ ਕਾਰ ਜੋ ਕਿ ਆਈਜੀਐੱਮ ਗਰੁੱਪ ਨਕੋਦਰ ਵੱਲੋਂ ਸਪਾਂਸਰ ਕੀਤੀ ਗਈ ਸੀ, ਤੋਂ ਇਲਾਵਾ ਮੋਟਰਸਾਈਕਲ, ਰੈਫ੍ਰਿਜਰੇਟਰ ਤੇ ਹੋਰ ਇਨਾਮ ਕੱਢੇ ਗਏ।



