ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੇ ਪ੍ਰਧਾਰਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੀ ਨਵੀਂ ਕੈਬਨਿਟ ਗਠਤ ਕਰਨ ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗਾ ਹੈ। ਦਰਅਸਲ ਪਿਛਲੀ ਸਰਕਾਰ 'ਚ ਟ੍ਰੇਡ ਮੰਤਰੀ ਰਹੇ ਜਿੰਮ ਕੈਰ ਨੂੰ ਬਲੱਡ ਕੈਂਸਰ ਹੈ। ਇਸ ਬਾਰੇ ਉਨਾਂ ਨੂੰ ਹਾਲ ਹੀ 'ਚ ਪਤਾ ਲੱਗਾ ਜਦੋਂ ਉਨਾਂ ਨੇ ਆਪਣਾ ਮੈਡੀਕਲ ਚੈੱਕਅਪ ਕਰਵਾਇਆ। ਜਿੰਮ ਕੈਰ ਨੂੰ ਚੋਣਾਂ ਵਾਲੇ ਦਿਨ ਪਤਾ ਲੱਗਿਆ ਕਿ ਉਨਾਂ ਨੂੰ ਬਲੱਡ ਕੈਂਸਰ ਹੈ ਪਰ ਇਸ ਦੇ ਬਾਵਜੂਦ ਉਨਾਂ ਨੇ ਲੋਕਾਂ ਲਈ ਕੰਮ ਕਰਨ ਦੀ ਇੱਛਾ ਜਤਾਈ ਹੈ।
ਜਿੰਮ ਕੈਰ ਇਸ ਵਾਰ ਮੁੜ ਲਿਬਰਲਾਂ ਦੀ ਟਿਕਟ 'ਤੇ ਜਿੱਤ ਕੇ ਐਮ.ਪੀ. ਬਣੇ ਹਨ। ਜਿੰਮ ਕੈਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਿਛਲੀ ਸਰਕਾਰ ਵਿਚ ਕੁਦਰਤੀ ਸਰੋਤ ਅਤੇ ਕੌਮਾਂਤਰੀ ਵਪਾਰ ਮੰਤਰੀ ਵਜੋਂ ਸੇਵਾ ਨਿਭਾਅ ਚੁਕੇ ਹਨ। ਇਸ ਬਿਆਨ ਵਿਚ ਉਨਾਂ ਕਿਹਾ ਕਿ ਉਨਾਂ ਨੇ ਇਸ ਬੀਮਾਰੀ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਹੈ, ਜਿਸ ਦਾ ਉਨਾਂ ਦੇ ਗੁਰਦੇ 'ਤੇ ਵੀ ਅਸਰ ਪਿਆ ਹੈ। ਗੈਰ ਨੇ ਕੀਮੋਥੈਰੇਪੀ ਅਤੇ ਡਾਇਲਸਿਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਨੇੜਲੇ ਭਵਿੱਖ ਵਿਚ ਵੀ ਜਾਰੀ ਰਹੇਗਾ।
ਚੋਣ ਮੁਹਿੰਮ ਦੌਰਾਨ ਜਿੰਮ ਕੈਰ ਨੂੰ ਮਹਿਸੂਸ ਹੋਇਆ ਸੀ ਕਿ ਉਸ ਨੂੰ ਸ਼ਾਇਦ ਫਲੂ ਹੋ ਗਿਆ ਹੈ, ਜਿਸ ਕਾਰਨ ਉਨਾਂ ਨੇ ਆਪਣੇ ਡਾਕਟਰ ਨੂੰ ਬੁਲਾਇਆ ਅਤੇ ਖ਼ੂਨ ਦੀ ਨਿਯਮਤ ਜਾਂਚ ਕਰਵਾਈ। ਜਿਵੇਂ ਹੀ ਚੋਣ ਨਤੀਜੇ ਸੋਮਵਾਰ ਦੀ ਰਾਤ ਨੂੰ ਸ਼ੁਰੂ ਹੋਏ ਜਿੰਮ ਕੈਰ ਨੇ ਆਪਣੀ ਵਿੰਨੀਪੈਗ ਰਾਈਡਿੰਗ ਤੋਂ 45 ਫੀਸਦੀ ਵੋਟਾਂ ਹਾਸਲ ਕਰਦਿਆਂ ਜਿੱਤ ਦਰਜ ਕੀਤੀ ਤੇ ਆਪਣੇ ਵਿਰੋਧੀ ਉਮੀਦਵਾਰ ਨੂੰ 13 ਹਜ਼ਾਰ 800 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਇਸ ਮਗਰੋਂ ਡਾਕਟਰਾਂ ਨੇ ਉਨਾਂ ਨੂੰ ਹਸਪਤਾਲ ਜਾਣ ਦੀ ਸਲਾਹ ਦਿੱਤੀ। ਹਸਪਤਾਲ 'ਚ ਚੈੱਕਅਪ ਦੌਰਾਨ ਜਿੰਮ ਕੈਰ ਨੂੰ ਪਤਾ ਚੱਲਿਆ ਕਿ ਉਹ ਬਲੱਡ ਕੈਂਸਰ ਤੋਂ ਪੀੜਤ ਹਨ।



