ਵਾਸ਼ਿੰਗਟਨ ਡੈਸਕ (Vikram Sehajpal) : ਇਸਲਾਮਿਕ ਸਟੇਟ (ISIS) ਦਾ ਸਰਗਨਾ ਅਬੂ ਬਕਰ ਅਲ ਬਗਦਾਦੀ ਸਨਿੱਚਰਵਾਰ ਨੂੰ ਉੱਤਰ-ਪੱਛਮੀ ਸੀਰੀਆ ਵਿੱਚ ਅਮਰੀਕਾ ਦੇ ਵਿਸ਼ੇਸ਼ ਬਲਾਂ ਦੇ ਹਮਲੇ ਵਿੱਚ ਮਾਰਿਆ ਗਿਆ ਹੈ। ਇਹ ਐਲਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਹੈ। ਟਰੰਪ ਨੇ ਕਿਹਾ, "ਅੱਤਵਾਦੀ ਬਗਦਾਦੀ ਕੁੱਤੇ ਅਤੇ ਕਾਇਰ ਦੀ ਮੌਤ ਮਾਰਿਆ ਗਿਆ ਹੈ।" ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਆਈਐਸ ਦਾ ਸਰਗਨਾ ਆਪਣੀ ਜ਼ਿੰਦਗੀ ਦੇ ਅਖਰੀ ਪਲਾਂ ਵਿੱਚ ਰੋਇਆ, ਚੀਕਿਆ ਅਤੇ ਫਿਰ ਆਪਣੇ ਤਿੰਨ ਬੱਚਿਆਂ ਦਾ ਕਤਲ ਕਰਕੇ ਖੁਦ ਨੂੰ ਬੰਬ ਨਾਲ ਉਡਾ ਲਿਆ।
ਟਰੰਪ ਨੇ ਕਿਹਾ ਕਿ ਯੂਐਸ ਦੀ ਵਿਸ਼ੇਸ਼ ਆਪ੍ਰੇਸ਼ਨ ਫੋਰਸਿਜ਼ ਨੇ ਰਾਤ ਨੂੰ ਸ਼ਾਨਦਾਰ ਤਰੀਕੇ ਨਾਲ ਦਲੇਰਾਨਾ ਅਤੇ ਜੋਖਮ ਭਰੀ ਮੁਹਿੰਮ ਚਲਾਈ। ਅਮਰੀਕਾ ਨੇ ਦੁਨੀਆ ਦੇ ਨੰਬਰ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਅਬੂ ਬਕਰ ਅਲ-ਬਗਦਾਦੀ ਦੀ ਮੌਤ ਹੋ ਗਈ ਹੈ। ਉਹ ਵਿਸ਼ਵ ਦੇ ਹਿੰਸਕ ਅੱਤਵਾਦੀ ਸੰਗਠਨ ਆਈਐਸਆਈਐਸ ਦਾ ਸੰਸਥਾਪਕ ਅਤੇ ਨੇਤਾ ਸੀ। ਅਮਰੀਕਾ ਕਈ ਸਾਲਾਂ ਤੋਂ ਬਗਦਾਦੀ ਦੀ ਭਾਲ ਕਰ ਰਿਹਾ ਸੀ। ਪ੍ਰਸ਼ਾਸਨ ਦੀ ਰਾਸ਼ਟਰੀ ਸੁਰੱਖਿਆ ਲਈ ਬਗਦਾਦੀ ਨੂੰ ਫੜਨਾ ਜਾਂ ਮਾਰਨਾ ਸਭ ਤੋਂ ਪਹਿਲੀ ਤਰਜੀਹ ਰਹੀ ਹੈ।
ਬਗਦਾਦੀ ਦੀ ਮੌਤ ਨੂੰ ਰਾਸ਼ਟਰਪਤੀ ਟਰੰਪ ਨੇ ਇੱਕ ਵੱਡੀ ਰਾਜਨੀਤਿਕ ਜਿੱਤ ਮੰਨਿਆ ਹੈ। ਟਰੰਪ ਨੇ ਮੁਹਿੰਮ ਵਿੱਚ ਮਦਦ ਕਰਨ ਲਈ ਰੂਸ, ਤੁਰਕੀ, ਸੀਰੀਆ ਅਤੇ ਇਰਾਕ ਦਾ ਧੰਨਵਾਦ ਕੀਤਾ। ਉਨ੍ਹਾਂ ਮੁਹਿੰਮ ਵਿੱਚ ਮਦਦਗਾਰ ਜਾਣਕਾਰੀ ਦੇਣ ਲਈ ਸੀਰੀਆ ਦੇ ਕੁਰਦਿਆਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ, "ਕੁਰਦਿਆਂ ਨੇ ਸੈਨਿਕ ਭੂਮਿਕਾ ਨਹੀਂ ਨਿਭਾਈ ਪਰ ਉਨ੍ਹਾਂ ਨੇ ਸਾਨੂੰ ਜਾਣਕਾਰੀ ਪ੍ਰਦਾਨ ਕੀਤੀ।"



