ਜਲੰਧਰ (ਇੰਦਰਜੀਤ ਸਿੰਘ) : ਟਰੈਵਲ ਏਜੰਟ ਵੱਲੋਂ ਲੱਖਾਂ ਰੁਪਏ ਲੈ ਕੇ 6 ਬੱਚਿਆਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਨਾਲ ਲਿਜਾਣ ਤੋਂ ਬਾਅਦ ਢਾਈ ਸਾਲ ਬੀਤਣ 'ਤੇ ਵੀ ਬੱਚਿਆਂ ਦਾ ਕੁਝ ਪਤਾ ਨਹੀਂ ਚੱਲਿਆ ਹੈ। ਇਨ੍ਹਾਂ ਦਾ ਪਤਾ ਲਗਾਉਣ ਲਈ ਪਰਿਵਾਰਕ ਮੈਂਬਰ ਧੱਕੇ ਖਾ ਰਹੇ ਹਨ। ਦੋ ਸਾਲ ਬਾਅਦ ਪੁਲਿਸ ਵੱਲੋਂ ਉਕਤ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰਨ ਦੇ ਬਾਵਜੂਦ ਉਸ ਕੋਲੋਂ ਨਾ ਤਾਂ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤੇ ਨਾ ਹੀ ਉਸ ਦੀ ਗ੍ਰਿਫ਼ਤਾਰੀ ਬਾਰੇ ਪੀੜਤ ਪਰਿਵਾਰਾਂ ਨੂੰ ਸੂਚਨਾ ਦਿੱਤੀ। ਪੁਲਿਸ ਵੱਲੋਂ ਬਿਨਾਂ ਪੁੱਛਗਿੱਛ ਟਰੈਵਲ ਏਜੰਟ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਹੁਣ ਉਹ ਸੈਸ਼ਨ ਕੋਰਟ ਤੇ ਹਾਈ ਕੋਰਟ 'ਚੋਂ ਆਪਣੀ ਜ਼ਮਾਨਤ ਕਰਵਾਉਣ ਦੀ ਕੋਸ਼ਿਸ਼ਾਂ 'ਚ ਲੱਗਾ ਹੋਇਆ ਹੈ।
ਇਹ ਖੁਲਾਸਾ ਸ਼ਮਸ਼ੇਰ ਸਿੰਘ ਵਾਸੀ ਮਹਿੰਦੀਪੁਰ ਹੁਸ਼ਿਆਰਪੁਰ ਤੇ ਜਰਨੈਲ ਸਿੰਘ ਵਾਸੀ ਮੁਕੇਰੀਆਂ ਨੇ ਪ੍ਰੈੱਸ ਕਲੱਬ ਜਲੰਧਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਇੰਦਰਜੀਤ ਸਿੰਘ ਤੇ ਸਰਬਜੀਤ ਸਿੰਘ ਸਮੇਤ ਚਾਰ ਹੋਰ ਨੌਜਵਾਨਾਂ ਨੂੰ ਟਰੈਵਲ ਏਜੰਟ ਸੁਖਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਹਿੰਦੀ ਹੁਸ਼ਿਆਰਪੁਰ ਜੋ ਕਿ ਸਾਬਕਾ ਪੁਲਿਸ ਮੁਲਾਜ਼ਮ ਵੀ ਹੈ, ਢਾਈ ਸਾਲ ਪਹਿਲਾਂ ਅਮਰੀਕਾ ਲਿਜਾਉਣ ਲਈ ਲੈ ਗਿਆ। ਅਮਰੀਕਾ ਭੇਜਣ ਲਈ ਉਨ੍ਹਾਂ ਟਰੈਵਲ ਏਜੰਟ ਨੂੰ ਲੱਖਾਂ ਰੁਪਏ ਵੀ ਦਿੱਤੇ ਪਰ ਅੱਜ ਤਕ ਉਨ੍ਹਾਂ ਦੇ ਬੱਚੇ ਨਾ ਤਾਂ ਅਮਰੀਕਾ ਪਹੁੰਚੇ ਹਨ ਤੇ ਨਾ ਹੀ ਉਨ੍ਹਾਂ ਬਾਰੇ ਕੋਈ ਜਾਣਕਾਰੀ ਮਿਲ ਰਹੀ ਹੈ। ਇਸ ਦੀ ਸ਼ਿਕਾਇਤ ਉਨ੍ਹਾਂ ਪੁਲਿਸ ਨੂੰ ਦਿੱਤੀ ਤੇ ਟਰੈਵਲ ਏਜੰਟ ਖ਼ਿਲਾਫ਼ ਢਾਈ ਸਾਲ ਪਹਿਲਾਂ ਮਾਮਲਾ ਦਰਜ ਕਰਵਾਇਆ ਗਿਆ, ਪਰ ਪੁਲਿਸ ਵੱਲੋਂ ਉਕਤ ਟਰੈਵਲ ਏਜੰਟ ਨੂੰ ਇਸ ਲਈ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਕਿਉਂਕਿ ਉਹ ਖ਼ੁਦ ਹੀ ਪੁਲਿਸ ਮੁਲਾਜ਼ਮ ਰਹਿ ਚੁੱਕਾ ਸੀ।
ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੁਖਵਿੰਦਰ ਸਿੰਘ ਨੂੰ ਪੁਲਿਸ ਨੇ ਮਿਲੀਭੁਗਤ ਨਾਲ ਗ੍ਰਿਫ਼ਤਾਰ ਕੀਤਾ ਤੇ ਬਿਨਾਂ ਉਨ੍ਹਾਂ ਨੂੰ ਦੱਸੇ ਉਸ ਨੂੰ ਜੇਲ੍ਹ ਭੇਜ ਦਿੱਤਾ। ਉਨ੍ਹਾਂ ਪੁਲਿਸ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਬੱਚਿਆਂ ਬਾਰੇ ਉਸ ਕੋਲੋਂ ਕੁਝ ਵੀ ਪੁੱਛ-ਗਿੱਛ ਨਹੀਂ ਕੀਤੀ ਗਈ। ਸੁਖਵਿੰਦਰ ਸਿੰਘ ਨੇ ਮੁਕੇਰੀਆਂ ਅਦਾਲਤ 'ਚ ਆਪਣੀ ਜ਼ਮਾਨਤ ਅਰਜ਼ੀ ਲਗਾਈ ਸੀ ਜੋ ਖ਼ਾਰਜ ਕਰ ਦਿੱਤੀ ਗਈ। ਹੁਣ ਉਹ ਸੈਸ਼ਨ ਕੋਰਟ ਤੇ ਹਾਈ ਕੋਰਟ 'ਚ ਜ਼ਮਾਨਤ ਅਰਜ਼ੀ ਲਾਉਣ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਜਾਵੇ ਤੇ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆ ਕੇ ਉਨ੍ਹਾਂ ਦੇ ਬੱਚਿਆਂ ਬਾਰੇ ਜਾਣਕਾਰੀ ਹਾਸਲ ਕਰੇ ਤਾਂ ਜੋ ਉਨ੍ਹਾਂ ਦੇ ਬੱਚੇ ਸੁਰੱਖਿਅਤ ਘਰ ਆ ਸਕਣ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਵੀ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਮੰਗ ਕੀਤੀ ਹੈ ਕਿ ਉਕਤ ਟਰੈਵਲ ਏਜੰਟ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆਉਣ ਦੇ ਹੁਕਮ ਜਾਰੀ ਕੀਤੇ ਜਾਣ ਤੇ ਉਸ ਕੋਲੋਂ ਪੁੱਛਗਿਛ ਕਰਵਾਈ ਜਾਵੇ



