ਵੈੱਬ ਡੈਸਕ (Vikram Sehajpal) : ਹਾਂਗਕਾਂਗ 'ਚ ਐਤਵਾਰ ਰਾਤ ਭੜਕੀ ਹਿੰਸਾ ਵਿਚ 30 ਲੋਕ ਜ਼ਖ਼ਮੀ ਹੋਏ ਹਨ। ਇਹ ਹਿੰਸਾ ਲੋਕਤੰਤਰ ਦੀ ਮੰਗ ਵਾਲੇ ਅੰਦੋਲਨ ਦੌਰਾਨ ਭੜਕੀ। ਪ੍ਰਦਰਸ਼ਨਕਾਰੀਆਂ ਨਾਲ ਪਹਿਲਾਂ ਪੁਲਿਸ ਦਾ ਟਕਰਾਅ ਹੋਇਆ। ਇਸ ਤੋਂ ਬਾਅਦ ਜਦੋਂ ਉਹ ਭੰਨਤੋੜ ਕਰ ਰਹੇ ਸਨ ਤਾਂ ਕੁੱਟਮਾਰ ਤੋਂ ਗੁੱਸੇ ਵਿਚ ਆਏ ਇਕ ਨੌਜਵਾਨ ਨੇ ਛੁਰੇਬਾਜ਼ੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਪਤਾ ਲੱਗਾ ਹੈ ਕਿ ਇਸ ਛੁਰੇਬਾਜ਼ੀ 'ਚ ਪ੍ਰਦਰਸ਼ਨਕਾਰੀਆਂ ਸਮੇਤ ਕਈ ਲੋਕ ਜ਼ਖ਼ਮੀ ਹੋਏ ਹਨ। ਇਸ ਦੌਰਾਨ ਇਕ ਸਥਾਨਕ ਨੇਤਾ ਦਾ ਕੰਨ ਵੀ ਕੱਟਿਆ ਗਿਆ। ਐਤਵਾਰ ਰਾਤ ਚੀਨ ਨਾਲ ਸਬੰਧਤ ਕਈ ਸਰਕਾਰੀ ਅਤੇ ਕਾਰੋਬਾਰੀ ਇਮਾਰਤਾਂ ਵਿਚ ਵੀ ਭਾਰੀ ਭੰਨਤੋੜ ਹੋਈ।
ਸਰਕਾਰੀ ਮੀਡੀਆ ਨੇ ਅੰਦੋਲਨ ਨੂੰ ਦਬਾਉਣ ਲਈ ਹੁਣ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਦੱਸੀ ਹੈ। ਬੀਤੇ ਹਫ਼ਤੇ ਹਾਂਗਕਾਂਗ ਵਿਚ ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਦੇ ਦਫ਼ਤਰ ਵਿਚ ਪ੍ਰਦਰਸ਼ਨਕਾਰੀਆਂ ਨੇ ਭਾਰੀ ਭੰਨਤੋੜ ਕੀਤੀ ਸੀ। ਪ੍ਰਦਰਸ਼ਨਕਾਰੀਆਂ ਮੁਤਾਬਕ, ਅੰਦੋਲਨ ਦੀ ਸਹੀ ਰਿਪੋਰਟਿੰਗ ਨਾ ਕਰਨ ਕਾਰਨ ਸ਼ਿਨਹੁਆ ਦੇ ਦਫ਼ਤਰ 'ਤੇ ਗੁੱਸਾ ਨਿਕਲਿਆ। ਸ਼ਿਨਹੁਆ ਸਮੇਤ ਕਈ ਮੀਡੀਆ ਸੰਸਥਾਨਾਂ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਸਰਕਾਰ ਤੋਂ ਮੰਗ ਕੀਤੀ ਹੈ। ਪੁਲਿਸ ਮੁਤਾਬਕ ਐਤਵਾਰ ਰਾਤ ਜਦੋਂ ਲੋਕ ਮਾਲ ਅਤੇ ਰੈਸਟੋਰੈਂਟ 'ਚ ਪਰਿਵਾਰ ਨਾਲ ਮੌਜੂਦ ਸਨ, ਉਦੋਂ ਪ੍ਰਦਰਸ਼ਨਕਾਰੀਆਂ ਨੇ ਉਥੇ ਭੰਨਤੋੜ ਕੀਤੀ।
ਅਜਿਹੇ 'ਚ ਉਥੇ ਭਾਜੜ ਮਚ ਗਈ। ਦਰਜਨਾਂ ਲੋਕ ਜ਼ਖ਼ਮੀ ਹੋਏ। ਪੁਲਿਸ ਨੇ ਜਦੋਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਤਾਂ ਸਥਿਤੀ ਹੋਰ ਵਿਗੜ ਗਈ। ਪੁਲਿਸ ਆਮ ਨਾਗਰਿਕਾਂ ਅਤੇ ਜਾਇਦਾਦ ਨੂੰ ਬਚਾ ਕੇ ਕਾਰਵਾਈ ਕਰ ਰਹੀ ਸੀ ਤਾਂ ਅਰਾਜਕ ਪ੍ਰਦਰਸ਼ਨਕਾਰੀ ਸਿਰਫ਼ ਬਰਬਾਦੀ ਫੈਲਾਅ ਰਹੇ ਸਨ। ਪੁਲਿਸ ਨੇ ਇਸ ਦੌਰਾਨ ਅੱਥਰੂ ਗੈਸ, ਰਬੜ ਦੀਆਂ ਗੋਲ਼ੀਆਂ ਅਤੇ ਪਾਣੀ ਦੀਆਂ ਵਾਛੜਾਂ ਵੀ ਛੱਡੀਆਂ ਪਰ ਇਸ ਸਭ ਦਾ ਸੀਮਤ ਹੀ ਅਸਰ ਹੋਇਆ। ਕਾਲੇ ਕੱਪੜੇ ਪਹਿਨੇ ਅੰਦੋਲਨਕਾਰੀ ਹਨੇਰੇ ਵਿਚ ਇਧਰ-ਉਧਰ ਭੰਨਤੋੜ ਕਰਦੇ ਰਹੇ।



