ਵਾਸ਼ਿੰਗਟਨ ਡੈਸਕ (Vikram Sehajpal) : ਚੋਣਾਂ ਤੋਂ ਪਹਿਲਾਂ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਤਗੜਾ ਝਟਕਾ ਲੱਗਿਆ ਹੈ। ਕੇਂਟਰੀ ਸੂਬੇ 'ਚ ਗਵਰਨਰ ਦੀ ਕੁਰਸੀ ਗਰਵਾਉਣ ਦੇ ਨਾਲ ਹੀ ਪਾਰਟੀ ਨੂੰ ਵਰਜੀਨੀਆ ਦੀ ਵਿਧਾਨ ਸਭਾ 'ਚ ਵੀ ਜ਼ਬਰਦਸਤ ਨੁਕਸਾਨ ਹੋਇਆ ਹੈ। ਕੇਂਟਕੀ 'ਚ ਗਵਰਨਰ ਦੇ ਅਹੁਦੇ ਮੁੜ ਚੋਣ ਲੜ ਰਹੇ ਰਿਪਬਲਿਕਨ ਪਾਰਟੀ ਦੇ ਮੈਟ ਬੇਵੀਨ ਨੂੰ 5100 ਵੋਟਾਂ ਦੇ ਫ਼ਰਕ ਨਾਲ ਹਾਰ ਦਾ ਮੂੰਹ ਦੇਖਣਾ ਪਿਆ। 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਟਰੰਪ ਨੇ ਇੱਥੇ 30 ਫ਼ੀਸਦੀ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ।
ਬੇਵੀਨ ਦੀ ਹਾਰ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਟਰੰਪ ਨੇ ਉਨ੍ਹਾਂ ਦਾ ਚੋਣ ਪ੍ਰਚਾਰ ਕੀਤਾ ਸੀ। ਵਰਜੀਨੀਆ ਦੀ ਵਿਧਾਨ ਸਭਾ ਦੇ ਹੇਠਲੇ ਤੇ ਉੱਚ ਸਦਨ ਦੋਵਾਂ 'ਚ ਰਿਪਬਲਿਕਨ ਪਾਰਟੀ ਨੂੰ ਨੁਕਸਾਨ ਹੋਇਆ ਹੈ। ਇਸ ਕਾਰਨ ਕਈ ਦਹਾਕਿਆਂ ਬਾਅਦ ਵਿਰੋਧੀ ਪਾਰਟੀ ਡੈਮੋਕ੍ਰੇਟਿਕ ਪਾਰਟੀ ਨੇ ਸੂਬੇ ਦੀ ਵਿਧਾਨ ਸਭਾ 'ਚ ਬਹੁਮਤ ਹਾਸਲ ਕਰ ਲਿਆ ਹੈ। ਡੈਮੋਕ੍ਰੇਟਿਕ ਨੇਤਾ ਰਾਲਫ ਨਾਰਥਹਮ ਪਹਿਲਾਂ ਹੀ ਸੂਬੇ ਦੇ ਗਵਰਨਰ ਦੇ ਅਹੁਦੇ 'ਤੇ ਸਨ।
ਇਨ੍ਹਾਂ ਨਾਕਾਮੀਆਂ ਦੌਰਾਨ ਸੱਤਾਧਾਰੀ ਰਿਪਬਲਿਕਨ ਪਾਰਟੀ ਮਿਸੀਸਿਪੀ 'ਚ ਗਵਰਨਰ ਦਾ ਅਹੁਦਾ ਬਚਾਉਣ 'ਚ ਕਾਮਯਾਬ ਰਹੀ। ਲੈਫਟੀਨੈਂਟ ਗਵਰਨਰ ਟੇਟ ਵਿਰਸ ਛੇ ਫ਼ੀਸਦੀ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕਰ ਕੇ ਮੁੜ ਵਾਪਸੀ ਕਰਨ 'ਚ ਕਾਮਯਾਬ ਹੋਏ।

