ਨਵੀਂ ਦਿੱਲੀ: ਐਤਵਾਰ ਨੂੰ ਨਾਗਪੁਰ ਦੇ ਵਿਦਰਭ ਕ੍ਰਿਕਟ ਸੰਘ ਸਟੇਡੀਅਮ ਵਿਚ ਖੇਡੇ ਗਏ ਬੰਗਲਾਦੇਸ਼ ਖ਼ਿਲਾਫ਼ ਸੀਰੀਜ਼ ਦੇ ਤੀਜੇ ਤੇ ਆਖ਼ਰੀ ਟੀ-20 ਮੁਕਾਬਲੇ 'ਚ ਭਾਰਤ ਨੇ 30 ਦੌੜਾਂ ਨਾਲ ਜਿੱਤ ਹਾਸਲ ਕੀਤੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ 'ਤੇ 174 ਦੌੜਾਂ ਬਣਾਈਆਂ ਜਿਸ ਦੇ ਜਵਾਬ 'ਚ ਬੰਗਲਾਦੇਸ਼ ਦੀ ਟੀਮ 19.2 ਓਵਰਾਂ 'ਚ 144 ਦੌੜਾਂ 'ਤੇ ਸਿਮਟ ਗਈ। ਦੀਪਕ ਚਾਹਰ ਨੇ ਹੈਟਿ੍ਕ ਸਮੇਤ ਛੇ ਵਿਕਟਾਂ ਹਾਸਲ ਕੀਤੀਆਂ ਤੇ ਇਸ ਤਰ੍ਹਾਂ ਭਾਰਤ ਨੇ 2-1 ਨਾਲ ਟੀ-20 ਲੜੀ ਆਪਣੇ ਨਾਂ ਕੀਤੀ।

ਟੀ-20 ਵਿਸ਼ਵ ਕੱਪ ਅਗਲੇ ਸਾਲ ਹੈ ਤੇ ਭਾਰਤੀ ਟੀਮ ਇਸ ਸਮੇਂ ਆਪਣੀਆਂ ਕਮਜ਼ੋਰੀਆਂ 'ਤੇ ਕੰਮ ਕਰਨ ਦੀ ਜੁਗਤ ਵਿਚ ਲੱਗੀ ਹੋਈ ਹੈ। ਟੀਮ ਦੀ ਸਭ ਤੋਂ ਵੱਡੀ ਕਮੀ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੱਡਾ ਸਕੋਰ ਨਾ ਬਣਾਉਣ ਦੀ ਹੈ। ਭਾਰਤੀ ਬੱਲੇਬਾਜ਼ੀ ਇਕ ਵਾਰ ਮੁੜ ਨਾਕਾਮ ਹੋ ਗਈ ਸੀ ਪਰ ਸਹੀ ਸਮੇਂ 'ਤੇ ਸ਼੍ਰੇਅਸ ਅਈਅਰ (62) ਨੇ ਆਪਣੀ ਯੋਗਤਾ ਸਾਬਤ ਕੀਤੀ। ਅਈਅਰ ਤੇ ਕੇਐੱਲ ਰਾਹੁਲ (52) ਦੀਆਂ ਕੋਸ਼ਿਸ਼ਾਂ ਨਾਲ ਹੀ ਭਾਰਤੀ ਟੀਮ ਬੰਗਲਾਦੇਸ਼ ਖ਼ਿਲਾਫ਼ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ 'ਤੇ 174 ਦੌੜਾਂ ਬਣਾਉਣ 'ਚ ਕਾਮਯਾਬ ਰਹੀ।

ਬੰਗਲਾਦੇਸ਼ ਦੇ ਕਪਤਾਨ ਮਹਿਮੂਦ ਉੱਲ੍ਹਾ ਨੇ ਟਾਸ ਜਿੱਤ ਕੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਿਛਲੇ ਮੈਚ 'ਚ ਧਮਾਕੇਦਾਰ ਪਾਰੀ ਖੇਡਣ ਵਾਲੇ ਰੋਹਿਤ ਸ਼ਰਮਾ (02) ਤੋਂ ਇਕ ਵਾਰ ਮੁੜ ਨਾਗਪੁਰ ਦੇ ਦਰਸ਼ਕਾਂ ਨੂੰ ਅਜਿਹੀ ਹੀ ਪਾਰੀ ਦੀ ਉਮੀਦ ਸੀ। ਇਸ ਤੋਂ ਪਹਿਲਾਂ ਕਿ ਰੋਹਿਤ ਅਜਿਹਾ ਕੁਝ ਕਰਦੇ, ਪਾਰੀ ਦੇ ਦੂਜੇ ਓਵਰ ਵਿਚ ਹੀ ਸ਼ੈਫੁਲ ਇਸਲਾਮ ਨੇ ਉਨ੍ਹਾਂ ਨੂੰ ਬੋਲਡ ਕਰ ਦਿੱਤਾ। ਰੋਹਿਤ ਦੇ ਜਲਦੀ ਆਊਟ ਹੋਣ 'ਤੇ ਬੰਗਲਾਦੇਸ਼ੀ ਖਿਡਾਰੀਆਂ ਵਿਚ ਜ਼ਬਰਦਸਤ ਖੁਸ਼ੀ ਸੀ। ਹੁਣ ਪੂਰਾ ਦਾਰੋਮਦਾਰ ਸ਼ਿਖਰ ਧਵਨ (19) ਤੇ ਰਾਹੁਲ 'ਤੇ ਸੀ। ਧਵਨ ਨੂੰ ਦਿੱਲੀ ਤੇ ਰਾਜਕੋਟ ਵਿਚ ਖੇਡੇ ਗਏ ਪਹਿਲੇ ਦੋ ਟੀ-20 ਮੁਕਾਬਲਿਆਂ ਵਿਚ ਹੌਲੀ ਬੱਲੇਬਾਜ਼ੀ ਲਈ ਨਿੰਦਾ ਸਹਿਣੀ ਪਈ ਸੀ। ਇਸ ਵਾਰ ਵੀ ਦਿੱਲੀ ਦੇ ਬੱਲੇਬਾਜ਼ ਧਵਨ ਦੌੜਾਂ ਦੀ ਰਫ਼ਤਾਰ ਵਿਚ ਸੁਧਾਰ ਨਾ ਕਰ ਸਕੇ। ਧਵਨ 16 ਗੇਂਦਾਂ ਵਿਚ ਸਿਰਫ਼ 19 ਦੌੜਾਂ ਬਣਾ ਸਕੇ ਤੇ ਸ਼ੈਫੁਲ ਦੀ ਗੇਂਦ 'ਤੇ ਆਊਟ ਹੋ ਗਏ। ਰਾਹੁਲ ਨੇ ਤੀਜੇ ਨੰਬਰ 'ਤੇ ਚੰਗੀ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ 35 ਗੇਂਦਾਂ ਵਿਚ 52 ਦੌੜਾਂ ਦੀ ਪਾਰੀ ਖੇਡੀ। ਪੰਤ (06) ਇਕ ਵਾਰ ਮੁੜ ਨਾਕਾਮ ਰਹੇ। ਅਈਅਰ ਹੀ ਉਹ ਬੱਲੇਬਾਜ਼ ਸਨ ਜਿਸ ਨੇ ਆਪਣੀ ਛਾਪ ਛੱਡੀ। ਉਨ੍ਹਾਂ ਨੇ ਅਫਿਫ ਹੁਸੈਨ ਦੇ ਪਹਿਲੇ ਓਵਰ ਵਿਚ ਤਿੰਨ ਛੱਕੇ ਲਾਏ। ਅਈਅਰ ਨੇ ਸਿਰਫ਼ 33 ਗੇਂਦਾਂ ਵਿਚ ਤਿੰਨ ਚੌਕੇ ਤੇ ਪੰਜ ਛੱਕਿਆਂ ਦੀ ਮਦਦ ਨਾਲ 62 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਹ ਉਨ੍ਹਾਂ ਦੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਵੀ ਰਿਹਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।
