ਬੀਜਿੰਗ (Vikram Sehajpal) : ਚੀਨ ਨੇ ਅਮਰੀਕਾ 'ਤੇ ਤਿੱਬਤ ਵਿੱਚ ‘ਦਖਲ’ ਕਰਨ ਲਈ ਸੰਯੁਕਤ ਰਾਸ਼ਟਰ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ ਚੀਨ ਨੇ ਇਹ ਵੀ ਕਿਹਾ ਕਿ ਅਮਰੀਕਾ ਅੰਦਰੂਨੀ ਮਾਮਲਿਆਂ ਵਿੱਚ ਵੀ ਦਖਲਅੰਦਾਜ਼ੀ ਕਰ ਰਿਹਾ ਹੈ। ਕੌਮਾਂਤਰੀ ਧਾਰਮਿਕ ਆਜ਼ਾਦੀ ਲਈ ਅਮਰੀਕਾ ਦੇ ਰਾਜਦੂਤ ਸੈਮ ਬ੍ਰਾਓਨਬੈਕ ਨੇ ਪਿਛਲੇ ਹਫਤੇ ਕਿਹਾ ਸੀ ਕਿ ਅਮਰੀਕਾ ਇਸ ਲਈ ਵਿਸ਼ਵਵਿਆਪੀ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ ਕਿ ਅਗਲੇ ਅਧਿਆਤਮਕ ਨੇਤਾ ਨੂੰ 'ਚੀਨ ਦੀ ਸਰਕਾਰ ਨਹੀਂ, ਬੌਧ ਧਰਮ ਦੇ ਤਿੱਬਤੀ ਪੈਰੋਕਾਰ' ਚੁਣੇ।
ਉਨ੍ਹਾਂ ਕਿਹਾ, ‘ਮੈਂ ਉਮੀਦ ਕਰਦਾ ਹਾਂ ਕਿ ਸੰਯੁਕਤ ਰਾਸ਼ਟਰ ਇਸ ਮਾਮਲੇ ਨੂੰ ਉਠਾਉਗਾ। ਬ੍ਰਾਓਨਬੈਕ ਦੇ ਇਸ ਬਿਆਨ ‘ਤੇ ਤਿੱਖਾ ਪ੍ਰਤੀਕਰਮ ਕਰਦਿਆਂ ਬੀਜਿੰਗ ਨੇ ਕਿਹਾ ਕਿ ਅਮਰੀਕਾ ਧਾਰਮਿਕ ਆਜ਼ਾਦੀ ਦੇ ਨਾਂਅ 'ਤੇ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਜ ਸ਼ੁਆਂਗ ਨੇ ਇੱਕ ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਇਹ ਨਿਸ਼ਚਤ ਤੌਰ 'ਤੇ ਅਸਫਲ ਹੋਏਗਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਦਾ ਜ਼ਰੂਰ ਵਿਰੋਧ ਕੀਤਾ ਜਾਵੇਗਾ।"
ਚੀਨ ਨਿਰੰਤਰ ਇਸ਼ਾਰਾ ਕਰ ਰਿਹਾ ਹੈ ਕਿ ਉਹ ਦਲਾਈ ਲਾਮਾ ਦੇ ਉਤਰਾਧਿਕਾਰੀ ਦੇ ਨਾਂਅ ਦੀ ਘੋਸ਼ਣਾ ਕਰੇਗਾ। ਇਹ ਮੰਨਿਆ ਜਾਂਦਾ ਹੈ ਕਿ ਉਹ ਚੀਨੀ ਸ਼ਾਸਨ ਦੇ ਸਮਰਥਨ ਲਈ ਸਪਸ਼ਟ ਤੌਰ 'ਤੇ ਤਿਆਰ ਕੀਤਾ ਜਾਵੇਗਾ।ਦਲਾਈ ਲਾਮਾ 1959 ਵਿੱਚ ਚੀਨੀ ਸ਼ਾਸਨ ਵਿਰੁੱਧ ਤਿੱਬਤੀ ਬਗਾਵਤ ਤੋਂ ਬਾਅਦ ਭਾਰਤ ਆਇਆ ਸੀ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਨੇ ਉਨ੍ਹਾਂ ਦੇ ਸੰਭਾਵੀ ਉਤਰਾਧਿਕਾਰ ਬਾਰੇ ਅਨਿਸ਼ਚਿਤਤਾਵਾਂ ਪੈਦਾ ਕਰ ਦਿੱਤੀਆਂ ਹਨ।



