ਹਾਂਗਕਾਂਗ (Vikram Sehajpal) : ਮੰਗਲਵਾਰ ਸਵੇਰੇ ਪ੍ਰਦਰਸ਼ਨਕਾਰੀਆਂ ਨੇ ਸਵੇਰ ਦੀਆਂ ਟ੍ਰੇਨਾਂ ਦੀ ਆਵਾਜਾਈ 'ਚ ਰੁਕਾਵਟ ਪਾਈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਕਈ ਯੂਨੀਵਰਸਿਟੀ ਕੰਪਲੈਕਸਾਂ ਦੇ ਆਸਪਾਸ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਹੋਈਆਂ। ਹਿੰਸਕ ਹਾਲਤ ਦੇ ਕਾਰਨ ਵਿੱਦਿਅਕ ਅਦਾਰਿਆਂ 'ਚ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ। ਸਬ-ਵੇ ਅੰਸ਼ਕ ਤੌਰ 'ਤੇ ਬੰਦ ਕਰ ਦਿੱਤੇ ਗਏ। ਇਕ ਟ੍ਰੇਨ ਤੋਂ ਯਾਤਰੀਆਂ ਨੂੰ ਸਟੇਸ਼ਨ ਤੋਂ ਕੁਝ ਪਹਿਲਾਂ ਹੀ ਉਤਾਰ ਦਿੱਤਾ ਗਿਆ।
ਹਾਲੀਆ ਦਿਨਾਂ 'ਚ ਦੁਕਾਨਾਂ ਤੇਂ ਟ੍ਰੇਨਾਂ 'ਚ ਭੰਨਤੋੜ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ ਤੇ ਪ੍ਰਦਰਸ਼ਨਕਾਰੀਆਂ ਤੇ ਚੀਨ ਹਮਾਇਤੀਆਂ ਵਿਚਾਲੇ ਝੜਪ ਹੋਣ ਦੀਆਂ ਘਟਨਾਵਾਂ ਹੋਈਆਂ ਹਨ। ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਲਾਮ ਨੇ ਸਲਾਹਕਾਰਾਂ ਨਾਲ ਹਫ਼ਤਾਵਾਰੀ ਬੈਠਕ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਸਵੇਰ ਦੇ ਸਮੇਂ ਟਰਾਂਸਪੋਰਟ ਸੇਵਾ ਨੂੰ ਠੱਪ ਕਰਨਾ ਇਕ ਅਤਿਅੰਤ ਸਵਾਰਥੀ ਹਰਕਤ ਹੈ। ਉਨ੍ਹਾਂ ਕਿਹਾ, 'ਮੈਂ ਉਨ੍ਹਾਂ ਲੋਕਾਂ ਦੇ ਪ੍ਰਤੀ ਧੰਨਵਾਦੀ ਹਾਂ ਜਿਹੜੇ ਅੱਜ ਵੀ ਕੰਮ 'ਤੇ ਅਤੇ ਸਕੂਲ ਜਾ ਰਹੇ ਹਨ।'



