ਲੰਦਨ (Vikram Sehajpal) : ਬੀਤੇ ਦਿਨੀਂ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਤੋਂ ਲੰਦਨ ਦੇ ਸਟੈਨਸਟੇਡ ਹਵਾਈ ਅੱਡੇ ਲਈ ਸ਼ੁਰੂ ਹੋਈ ਸਿੱਧੀ ਉਡਾਣ ਦੇ ਸ਼ੁਕਰਾਨੇ ਵਜੋਂ ਵੱਖ-ਵੱਖ ਆਗੂ ਲੰਦਨ ਦੇ ਸ੍ਰੀ ਗੁਰੁ ਸਿੰਘ ਸਭਾ, ਸਾਉਥਹਾਲ ਗੁਰੂ ਘਰ ਨਤਮਸਤਕ ਹੋਏ। ਇਨ੍ਹਾਂ ਵਿੱਚ ਤਨਮਨਜੀਤ ਸਿੰਘ ਢੇਸੀ, ਸਮੀਪ ਸਿੰਘ ਗੁਮਟਾਲਾ ਆਦਿ ਸ਼ਾਮਲ ਰਹੇ। ਸ਼ੁਕਰਾਨੇ ਵਜੋਂ ਲੰਦਨ ਦੇ ਸ੍ਰੀ ਗੁਰੁ ਸਿੰਘ ਸਭਾ ਸਾਉਥਹਾਲ ਗੁਰੂ ਘਰ ਨਤਮਸਤਕ ਹੋਏ।
ਯੂਕੇ ਦੇ ਬਹੁਤ ਸਾਰੇ ਗੁਰੂ ਘਰਾਂ ਜਿਸ ਵਿੱਚ ਸ੍ਰੀ ਗੁਰੁ ਸਿੰਘ ਸਭਾ ਵੀ ਸ਼ਾਮਲ ਹੈ, ਉਨ੍ਹਾਂ ਵੱਲੋਂ ਲੰਦਨ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਪਿਛਲੇ ਕੁੱਝ ਸਾਲਾਂ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਭਰਵੀਂ ਹਮਾਇਤ ਕੀਤੀ ਗਈ ਸੀ। ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲੀ ਨੇ ਕਿਹਾ ਕਿ ਲੰਦਨ ਦੀ ਸੰਗਤ ਬਹੁਤ ਹੀ ਲੰਮੇ ਸਮੇਂ ਤੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਹੋਣ ਲਈ ਆਸਵੰਦ ਸੀ।
ਦੇਸ਼-ਵਿਦੇਸ਼ ਤੋਂ ਇਸ ਉਡਾਣ ਨੂੰ ਸ਼ੁਰੂ ਕਰਵਾਉਣ ਲਈ ਬਹੁਤ ਹੀ ਲੰਮੇ ਸਮੇਂ ਤੋਂ ਉਪਰਾਲੇ ਕੀਤੇ ਗਏ ਜਿਸ ਵਿੱਚ ਸਲੋਅ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ, ਫ਼ਲਾਈ ਅੰਮ੍ਰਿਤਸਰ ਮੁਹਿੰਮ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ, ਸੇਵਾ ਟਰੱਸਟ ਯੂਕੇ ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਦਾ ਵੀ ਖ਼ਾਸ ਯੋਗਦਾਨ ਰਿਹਾ। ਉਨ੍ਹਾਂ ਨੇ ਇਨ੍ਹਾਂ ਆਗੂਆਂ ਸਣੇ ਭਾਰਤ ਸਰਕਾਰ ਦਾ ਵੀ ਧੰਨਵਾਦ ਕੀਤਾ ਅਤੇ ਲੰਦਨ ਦੇ ਹੀਥਰੋ ਹਵਾਈ ਅੱਡੇ ਤੋਂ ਵੀ ਉਡਾਣ ਦੇ ਸ਼ੁਰੂ ਹੋਣ ਲਈ ਵੀ ਉਮੀਦ ਜਤਾਈ।



