ਬੈਂਕਾਕ (ਇੰਦਰਜੀਤ ਸਿੰਘ) : ਭਾਰਤ ਸਮੇਤ ਪੂਰੇ ਏਸ਼ੀਆ-ਪ੍ਰਸ਼ਾਂਤ ਖੇਤਰ 'ਚ 50 ਕਰੋੜ ਤੋਂ ਜ਼ਿਆਦਾ ਲੋਕ ਕੁਪੋਸ਼ਣ ਦੇ ਸ਼ਿਕਾਰ ਹਨ। ਇਨ੍ਹਾਂ 'ਚੋਂ ਅੱਧੇ ਤੋਂ ਜ਼ਿਆਦਾ ਲੋਕ ਦੱਖਣੀ ਏਸ਼ੀਆ 'ਚ ਰਹਿੰਦੇ ਹਨ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਕਿਹਾ ਹੈ ਕਿ ਜੇਕਰ 2030 ਤਕ ਇਸ ਖੇਤਰ 'ਚ ਭੁੱਖਮਰੀ ਦਾ ਖਾਤਮਾਕਰਨਾ ਹੈ ਤਾਂ ਲੱਖਾਂ ਲੋਕਾਂ ਨੂੰ ਖੁਰਾਕੀ ਸੁਰੱਖਿਆ ਦੇ ਘੇਰੇ ਵਿਚ ਲਿਆਉਣਾ ਪਵੇਗਾ।ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਵੱਲੋਂ ਇਕੱਠੇ ਕੀਤੇ ਡਾਟੇ ਮੁਤਾਬਕ ਕੁਪੋਸ਼ਣ ਦੇ ਕਾਰਨ ਬੱਚਿਆਂ ਦਾ ਵਜ਼ਨ ਘੱਟ ਹੋ ਰਿਹਾ ਹੈ ਤੇ ਉਨ੍ਹਾਂ ਦੀ ਲੰਬਾਈਵੀ ਉਚਿਤ ਮਾਤਰਾ ਵਿਚ ਨਹੀਂ ਵੱਧ ਰਹੀ। ਭਾਰਤ 'ਚ 21 ਫੀਸਦੀ ਤੋਂ ਜ਼ਿਆਦਾ ਬੱਚੇ ਘੱਟ ਵਜ਼ਨ ਦੇ ਸ਼ਿਕਾਰ ਹਨ। ਕਮਜ਼ੋਰ ਦਿਮਾਗ ਵਾਲੇ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ।
ਇਸ ਖ਼ੇਤਰ 'ਚ ਗ਼ੈਰਬਰਾਬਰੀ ਤੇਜ਼ੀ ਨਾਲ ਵਧੀ ਹੈ। ਤੇਜ਼ ਆਰਥਿਕ ਵਿਕਾਸ ਦੇ ਬਾਵਜੂਦ ਲੋਕਾਂ ਨੂੰ ਆਮਦਨ ਉਚਿਤ ਮਾਤਰਾ ਵਿਚ ਨਹੀਂ ਵੱਧ ਰਹੀ। ਇਸਦੀ ਵਜ੍ਹਾ ਨਾਲ ਲੋਕਾਂ ਨੂੰ ਪੋਸ਼ਣ ਖਾਣਾ ਨਹੀਂ ਮਿਲ ਪਾ ਰਿਹਾ, ਲੱਖਾਂ ਲੋਕ ਗਰੀਬੀ 'ਚ ਜ਼ਿੰਦਗੀ ਬਿਤਾ ਰਹੇ ਹਨ। ਰਿਪੋਰਟ 'ਚ ਹਾਲਾਤ ਬਦਲਣ ਲਈ ਸਰਕਾਰ ਨੂੰ ਗਰੀਬੀ ਮਿਟਾਉਣ ਲਈ ਪ੍ਰੋਗਰਾਮ ਚਲਾਉਣ ਦੇ ਨਾਲ ਹੀ ਪੋਸ਼ਣ, ਸਿਹਤ ਤੇ ਸਿੱਖਿਆ 'ਚ ਸੁਧਾਰ ਲਈ ਵੀ ਨੀਤੀਆਂ ਲਾਗੂ ਕਰਨ ਦੀ ਅਪੀਲ ਕੀਤੀ ਗਈ ਹੈ।
ਸੰਯੁਕਤ ਰਾਸ਼ਟਰ ਦੀ ਖ਼ੁਰਾਕ ਤੇ ਖੇਤੀ ਸੰਗਠਨ (ਐੱਫਏਓ) ਦੀ ਖੇਤਰੀ ਨੁਮਾਇੰਦਾ ਕੁੰਧਵੀ ਕਾਦਿਰਸਨ ਕਹਿੰਦੀ ਹੈ ਕਿ ਅਸੀਂ ਸਹੀ ਰਸਤੇ 'ਤੇ ਨਹੀਂ ਹਾਂ। ਪਿਛਲੇ ਕੁਝ ਸਾਲਾਂ 'ਚ ਕੁਪੋਸ਼ਣ ਨੂੰ ਘੱਟ ਕਰਨ ਦੀ ਰਫਤਾਰ ਬਹੁਤ ਘੱਟ ਹੋ ਗਈ ਹੈ। ਇਸ ਖੇਤਰ 'ਚ 20 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਸਾਲ ਭਰ 'ਚ ਕਈ-ਕਈ ਦਿਨਾਂ ਤਕ ਭਰ ਪੇਟ ਖਾਣਾ ਨਹੀਂ ਮਿਲਦਾ ਜਾਂ ਉਨ੍ਹਾਂ ਨੂੰ ਭੁੱਖੇ ਰਹਿਣਾ ਪੈਂਦਾ ਹੈ। ਕਦੇ-ਕਦੇ ਤਾਂ ਲਗਾਤਾਰ ਕਈ ਦਿਨਾਂ ਤਕ ਲੋਕਾਂ ਨੂੰ ਭੁੱਖੇ ਪੇਟ ਰਹਿਣ ਲਈ ਮਜਬੂਰ ਹੋਣਾ ਪੈ ਜਾਂਦਾ ਹੈ।



