ਭਾਜਪਾ ਤੇ ਸ਼ਿਵ ਸੈਨਾ ਦੇ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਫੜੇ ਇਕ ਦੂਜੇ ਦੇ ਕਾਲਰ

by mediateam

ਨਾਗਪੁਰ (ਇੰਦਰਜੀਤ ਸਿੰਘ) : ਕਿਸਾਨਾਂ ਨੂੰ ਸਹਾਇਤਾ ਦਿੱਤੇ ਜਾਣ ਦੇ ਮੁੱਦੇ 'ਤੇ ਭਾਜਪਾ ਤੇ ਸ਼ਿਵ ਸੈਨਾ ਦੇ ਵਿਧਾਇਕ ਮੰਗਲਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਵਿਚ ਆਪਸ ਵਿਚ ਭਿੜ ਗਏ ਤੇ ਇਕ ਦੂਜੇ ਦਾ ਕਾਲਰ ਫੜ ਲਿਆ। ਸੀਨੀਅਰ ਤੇ ਸਾਬਕਾ ਮੰਤਰੀਆਂ ਨੇ ਦਖ਼ਲ ਦੇ ਕੇ ਉਨ੍ਹਾਂ ਨੂੰ ਵੱਖ ਕੀਤਾ। ਵਿਧਾਨ ਪ੍ਰੀਸ਼ਦ 'ਚ ਵੀ ਇਸ ਮੁੱਦੇ 'ਤੇ ਹੰਗਾਮਾ ਹੋਇਆ ਲਿਹਾਜ਼ਾ ਦੋਵਾਂ ਸਦਨਾਂ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰਨੀ ਪਈ। ਮੰਗਲਵਾਰ ਨੂੰ ਜਿਉਂ ਹੀ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ, ਭਾਜਪਾ ਵਿਧਾਇਕ ਅਭਿਮੰਨਿਊ ਪਵਾਰ ਨੇ ਮੁੱਖ ਮੰਤਰੀ ਊਧਵ ਠਾਕਰੇ ਸਾਹਮਣੇ ਇਕ ਬੈਨਰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਬੈਨਰ 'ਤੇ ਸ਼ਿਵ ਸੈਨਾ ਦੀ ਅਖ਼ਬਾਰ 'ਸਾਮਨਾ' ਵਿਚ ਪ੍ਰਕਾਸ਼ਿਤ ਇਕ ਰਿਪੋਰਟ ਦਾ ਜ਼ਿਕਰ ਕੀਤਾ ਸੀ ਜਿਸ ਵਿਚ ਊਧਵ ਨੇ ਬੇਮੌਸਮੀ ਬਾਰਿਸ਼ ਨਾਲ ਪ੍ਰਭਵਿਤ ਕਿਸਾਨਾਂ ਲਈ ਪ੍ਰਤੀ ਹੈਕਟੇਅਰ 25 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੀ ਮੰਗ ਕੀਤੀ ਸੀ। 

ਭਾਜਪਾ ਵਿਧਾਇਕ ਊਧਵ ਨੂੰ ਉਨ੍ਹਾਂ ਦੀ ਮੰਗ ਬਾਰੇ ਯਾਦ ਦਿਵਾਉਣਾ ਚਾਹੁੰਦੇ ਸਨ ਜੋ ਉਨ੍ਹਾਂ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੀਤੀ ਸੀ। ਇਸ ਤੋਂ ਬਾਅਦ ਭਾਜਪਾ ਦੇ ਵਿਧਾਇਕ ਸਦਨ ਦੇ ਵਿਹੜੇ ਵਿਚ ਚਲੇ ਗਏ ਤੇ ਨਾਅਰੇਬਾਜ਼ੀ ਕਰਨ ਲੱਗੇ। ਉਨ੍ਹਾਂ ਦੀ ਮੰਗ ਸੀ ਕਿ ਊਧਵ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜੋ ਮੰਗ ਕੀਤੀ ਸੀ ਉਹ ਉਸ ਨੂੰ ਹੁਣ ਪੂਰਾ ਕਰਨ। ਇਸ ਦਰਮਿਆਨ ਸ਼ਿਵ ਸੈਨਾ ਵਿਧਾਇਕ ਸੰਜੇ ਗਾਇਕਵਾੜ ਨੇ ਅਭਿਮੰਨਿਊ ਪਵਾਰ ਤੋਂ ਬੈਨਰ ਖੋਹਣ ਦਾ ਯਤਨ ਕੀਤਾ ਤੇ ਇਸੇ ਦੌਰਾਨ ਦੋਵਾਂ ਨੇ ਇਕ ਦੂਜੇ ਦੇ ਕਾਲਰ ਫੜ ਲਏ।ਸੀਨੀਅਰ ਤੇ ਸਾਬਕਾ ਮੰਤਰੀਆਂ ਨੇ ਉਨ੍ਹਾਂ ਨੂੰ ਵੱਖ ਕੀਤਾ। ਸਪੀਕਰ ਨਾਨਾ ਪਟੋਲੇ ਨੇ ਭਾਜਪਾ ਵਿਧਾਇਕਾਂ ਤੋਂ ਸੀਟਾਂ 'ਤੇ ਮੁੜਨ ਤੇ ਸਦਨ ਦੀ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ।

ਪਰ ਇਸ ਦੌਰਾਨ ਕੁਝ ਹੋਰ ਸ਼ਿਵ ਸੈਨਾ ਵਿਧਾਇਕਾਂ ਨੇ ਭਾਜਪਾ ਮੈਂਬਰਾਂ ਤੋਂ ਬੈਨਰ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਹੰਗਾਮਾ ਵਧ ਗਿਆ।ਭਾਜਪਾ ਵਿਧਾਇਕਾਂ ਨੇ ਸੀਟਾਂ 'ਤੇ ਮੁੜਨ ਤੋਂ ਇਨਕਾਰ ਕਰ ਦਿੱਤਾ ਲਿਹਾਜ਼ਾ ਸਪੀਕਰ ਨੇ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ। ਕਾਰਵਾਈ ਦੁਬਾਰਾ ਸ਼ੁਰੂ ਹੋਣ 'ਤੇ ਵੀ ਹੰਗਾਮਾ ਜਾਰੀ ਰਿਹਾ ਤਾਂ ਸਪੀਕਰ ਨੇ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ।ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਹੋਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਊਧਵ ਠਾਕਰੇ ਨੇ ਕਿਹਾ, 'ਸੂਬੇ ਦੇ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਉਨ੍ਹਾਂ ਅਤੇ ਮੇਰੇ ਵਿਚਕਾਰ ਹੈ ਅਤੇ ਮੈਂ ਆਪਣਾ ਵਾਅਦਾ ਪੂਰਾ ਕਰਨ ਜਾ ਰਿਹਾ ਹਾਂ। 

ਵਿਰੋਧੀ ਧਿਰ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਉਨ੍ਹਾਂ ਨੇ ਸਾਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ। ਜੇ ਤੁਸੀਂ ਕੋਈ ਸਵਾਲ (ਸਦਨ 'ਚ) ਪੁੱਛਣਾ ਚਾਹੁੰਦੇ ਹੋ ਤਾਂ ਸਵਾਲ ਪੁੱਛਣ ਦਾ ਇਕ ਤਰੀਕਾ ਹੁੰਦਾ ਹੈ। ਤੁਸੀਂ ਰੌਲਾ ਪਾ ਕੇ ਤੇ ਇਕ ਦੂਜੇ ਦੀ ਗੱਲ ਸੁਣੇ ਬਿਨਾਂ ਸਵਾਲ ਨਹੀਂ ਪੁੱਛ ਸਕਦੇ।ਊਧਵ ਠਾਕਰੇ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ ਦਿੱਲੀ ਪੁਲਿਸ ਦੀ ਕਾਰਵਾਈ ਦੀ ਤੁਲਨਾ ਜਲਿਆਂਵਾਲਾ ਬਾਗ਼ ਕਾਂਡ ਨਾਲ ਕੀਤੀ।ਉਨ੍ਹਾਂ ਕਿਹਾ, 'ਜਾਣਬੁਝ ਕੇ ਸਮਾਜ 'ਚ ਅਸ਼ਾਂਤੀ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਜਿਸ ਤਰ੍ਹਾਂ ਕੰਪਲੈਕਸ ਵਿਚ ਦਾਖ਼ਲ ਹੋ ਕੇ ਵਿਦਿਆਰਥੀਆਂ 'ਤੇ ਗੋਲ਼ੀਆਂ ਚਲਾਈਆਂ ਇਹ ਜਲਿਆਂਵਾਲਾ ਬਾਗ਼ ਕਤਲੇਆਮ ਵਰਗਾ ਹੈ।' ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੇ ਦਿਮਾਗ ਵਿਚ ਖ਼ੌਫ਼ ਪੈਦਾ ਕੀਤਾ ਜਾ ਰਿਹਾ ਹੈ।

More News

NRI Post
..
NRI Post
..
NRI Post
..