ਮੀਡੀਆ ਡੈਸਕ: ਫਰਾਂਸ ਵਿਚ ਸਥਿਤ ਨੋਟਰੇ ਡੇਮ ਕੈਥੇਡ੍ਰਲ 200 ਸਾਲਾਂ ਵਿਚ ਪਹਿਲੀ ਵਾਰ ਕ੍ਰਿਸਮਸ ਮਾਸ ਦਾ ਆਯੋਜਨ ਨਹੀਂ ਕਰੇਗਾ। ਇਸ ਦਾ ਕਾਰਨ ਇਸ ਸਾਲ ਦੀ ਸ਼ੁਰੂਆਤ ਵਿਚ ਚਰਚ ਵਿਚ ਭਿਆਨਕ ਅੱਗ ਲੱਗਣਾ ਹੈ। ਅੱਗ ਲੱਗਣ ਕਾਰਨ ਚਰਚ ਨੂੰ ਭਾਰੀ ਨੁਕਸਾਨ ਹੋਇਆ ਸੀ। ਚਰਚ ਦੇ ਬੁਲਾਰੇ ਐਂਡਰੇ ਫਿਨੋਟ ਨੇ ਐਤਵਾਰ ਨੂੰ ਦੱਸਿਆ ਕਿ 1803 ਦੇ ਬਾਅਦ ਪਹਿਲੀ ਵਾਰ 850 ਸਾਲ ਪੁਰਾਣੇ ਇਸ ਕੈਥੇਡ੍ਰਲ ਵਿਚ ਕ੍ਰਿਸਮਸ ਮਾਸ ਦਾ ਆਯੋਜਨ ਨਹੀਂ ਕੀਤਾ ਜਾਵੇਗਾ।

ਯੂਨੈਸਕੋ ਦੀਆਂ ਗਲੋਬਲ ਵਿਰਾਸਤਾਂ ਵਿਚੋਂ ਇਕ ਇਸ ਕੈਥੇਡ੍ਰਲ ਵਿਚ ਅਪ੍ਰੈਲ ਵਿਚ ਅੱਗ ਲੱਗ ਗਈ ਸੀ। ਪਿਛਲੇ 200 ਸਾਲਾਂ ਵਿਚ ਇਹ ਕ੍ਰਿਸਮਸ ਦੇ ਮੌਕੇ ਖੁੱਲ੍ਹਦਾ ਰਿਹਾ ਹੈ, ਉਸ ਸਮੇਂ ਵੀ ਜਦੋਂ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਨਾਜ਼ੀਆਂ ਨੇ ਕਬਜ਼ਾ ਕਰ ਲਿਆ ਸੀ। ਫ੍ਰਾਂਸੀਸੀ ਵਕੀਲਾਂ ਨੇ ਜੂਨ ਵਿਚ ਕਿਹਾ ਸੀ ਕਿ ਅੱਗ ਲੱਗਣ ਕਾਰਨ ਸਿਗਰਟ ਦਾ ਬਲਣਾ ਜਾਂ ਸ਼ਾਰਟ ਸਰਕਿਟ ਹੋ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਵਿਚ ਲਾਪਰਵਾਹੀ ਹੋਈ ਹੋ ਸਕਦੀ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇੱਥੇ ਦੱਸ ਦਈਏ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ 13ਵੀਂ ਸਦੀ ਦੇ ਇਸ ਲੈਂਡਮਾਰਕ ਕੈਥੇਡ੍ਰਲ ਨੂੰ ਅਗਲੇ 5 ਸਾਲ ਵਿਚ ਦੁਬਾਰਾ ਬਣਾਉਣ ਦਾ ਸੰਕਲਪ ਲਿਆ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



