ਕੈਲੇਫੋਰਨੀਆ (Vikram Sehajpal) : ਕੈਲੇਫੋਰਨੀਆ ਦੇ ਸ਼ਹਿਰ ਨਿਊਮੈਨ ਵਿੱਚ ਇੱਕ ਸਾਲ ਪਹਿਲਾਂ ਡਿਊਟੀ ਦੌਰਾਨ ਮਾਰੇ ਗਏ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਰੋਨਿਲ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਰੋਨਿਲ ਸਿੰਘ ਦੇ ਭਰਾ ਨੇ ਆਪਣੇ ਸਾਰੇ ਪਰਿਵਾਰ ਵੱਲੋਂ ਬਰਸੀ ਮੌਕੇ ਪੁਲਿਸ ਅਧਿਕਾਰੀਆਂ ਸਣੇ ਇਕੱਠੇ ਹੋਏ ਸੈਂਕੜੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ। ਦੱਸ ਦੇਈਏ ਕਿ ਇੱਕ ਸਾਲ ਪਹਿਲਾਂ ਕ੍ਰਿਸਮਸ ਵਾਲੇ ਦਿਨ 33 ਸਾਲਾ ਰੋਨਿਲ ਸਿੰਘ ਨਿਊਮੈਨ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ।
ਇਸ ਦੌਰਾਨ ਜਦੋਂ ਉਸ ਨੇ ਸ਼ੱਕ ਹੋਣ 'ਤੇ ਇੱਕ ਸ਼ਰਾਬੀ ਡਰਾਈਵਰ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਸ ਨੇ ਰੋਨਿਲ ਸਿੰਘ 'ਤੇ ਸ਼ਰੇਆਮ ਚੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਪਤਨੀ ਅਨਾਮਿਕਾ ਅਤੇ ਇੱਕ ਨਵ ਜਨਮੇ ਬੱਚੇ ਨੂੰ ਛੱਡ ਗਿਆ ਸੀ। ਟੁਰਲੌਕ ਪੁਲਿਸ ਵਿਭਾਗ ਵਿੱਚ ਰੋਨਿਲ ਸਿੰਘ ਨਾਲ ਕੰਮ ਕਰ ਚੁੱਕੇ ਸੇਵਾਮੁਕਤ ਪੁਲਿਸ ਅਧਿਕਾਰੀ ਮੈਟ ਸਪੈਕਮੈਨ ਨੇ ਕਿਹਾ ਕਿ ਉਹ ਇੱਕ ਹਸਮੁੱਖ ਅਤੇ ਮਿਹਨਤੀ ਵਿਅਕਤੀ ਸੀ, ਜਿਸ ਨੇ ਪੁਲਿਸ ਅਧਿਕਾਰੀ ਬਣਨ ਦਾ ਸੁਪਨਾ ਵੇਖਿਆ ਅਤੇ ਸਫ਼ਲਤਾ ਹਾਸਲ ਕੀਤੀ।

