ਸਪੋਰਟਸ ਡੈਸਕ: ਵਿਸ਼ਵ ਦੀ ਸਾਬਕਾ ਨੰਬਰ ਇਕ ਮਹਿਲਾ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ 2020 ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਬਿ੍ਸਬਨ ਵਿਚ ਕਰੇਗੀ ਜਿਸ ਲਈ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਵਾਈਲਡ ਕਾਰਡ ਦਿੱਤਾ ਹੈ। ਇਹ 32 ਸਾਲਾ ਰੂਸੀ ਖਿਡਾਰਨ ਅਗਸਤ ਵਿਚ ਯੂਐੱਸ ਓਪਨ ਵਿਚ ਆਪਣੀ ਧੁਰ ਵਿਰੋਧੀ ਸੇਰੇਨਾ ਵਿਲੀਅਮਜ਼ ਹੱਥੋਂ ਪਹਿਲੇ ਗੇੜ ਵਿਚ ਹਾਰਨ ਤੋਂ ਬਾਅਦ ਕਿਸੇ ਟੂਰਨਾਮੈਂਟ ਵਿਚ ਨਹੀਂ ਖੇਡੀ ਹੈ।
ਸ਼ਾਰਾਪੋਵਾ ਨੇ ਇੰਸਟਾਗ੍ਰਾਮ 'ਤੇ ਵੀਡੀਓ ਸੁਨੇਹੇ ਵਿਚ ਕਿਹਾ ਕਿ 'ਹੈਲੋ ਬਿ੍ਸਬਨ। ਮੈਨੂੰ ਤੁਹਾਡੀ ਬਹੁਤ ਘਾਟ ਰੜਕੀ ਤੇ ਮੈਂ ਆਪਣੇ ਸੈਸ਼ਨ ਦੀ ਸ਼ੁਰੂਆਤ ਤੁਹਾਡੇ ਟੂਰਨਾਮੈਂਟ ਤੇ ਤੁਹਾਡੇ ਸ਼ਹਿਰ ਵਿਚ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਤ ਹਾਂ। ਸ਼ਾਰਾਪੋਵਾ 2019 ਸੈਸ਼ਨ ਵਿਚ ਮੋਢੇ ਦੀ ਸੱਟ ਨਾਲ ਜੂਝਦੀ ਰਹੀ ਤੇ ਇਸ ਕਾਰਨ ਸਿਰਫ਼ 15 ਮੈਚ ਹੀ ਖੇਡ ਸਕੀ। ਇਸ ਨਾਲ ਉਹ ਵਿਸ਼ਵ ਰੈਂਕਿੰਗ ਵਿਚ 133ਵੇਂ ਸਥਾਨ 'ਤੇ ਖ਼ਿਸਕ ਗਈ। ਉਨ੍ਹਾਂ ਨੇ 2015 ਵਿਚ ਬਿ੍ਸਬਨ ਓਪਨ ਦਾ ਖ਼ਿਤਾਬ ਜਿੱਤਿਆ ਸੀ। ਇਸ ਵਾਰ ਇਹ ਟੂਰਨਾਮੈਂਟ ਸੋਮਵਾਰ ਤੋਂ ਸ਼ੁਰੂ ਹੋਵੇਗਾ। ਡੋਪਿੰਗ ਸਬੰਧੀ ਪਾਬੰਦੀ ਸਮਾਪਤ ਹੋਣ ਤੋਂ ਬਾਅਦ ਇਸ ਸਾਲ ਸ਼ਾਰਾਪੋਵਾ ਮੋਢੇ ਦੀ ਸੱਟ ਤੋਂ ਪਰੇਸ਼ਾਨ ਰਹੀ। ਉਹ ਇਸ ਕਾਰਨ ਸਿਰਫ਼ ਅੱਠ ਟੂਰਨਾਮੈਂਟ ਤੇ 15 ਮੈਚ ਖੇਡ ਸਕੀ। ਉਹ ਕਿਓਂਗ ਕਲਾਸਿਕ ਟੂਰਨਾਮੈਂਟ ਵਿਚ ਵੀ ਖੇਡੇਗੀ ਪਰ ਇਹ ਵੀ ਕਿਹਾ ਗਿਆ ਹੈ ਕਿ ਬਿ੍ਸਬਨ ਅੰਤਰਰਾਸ਼ਟਰੀ ਦੇ ਨਤੀਜੇ ਇਹ ਤੈਅ ਕਰਨਗੇ ਕਿ ਉਨ੍ਹਾਂ ਨੂੰ 20 ਜਨਵਰੀ ਤੋਂ ਸ਼ੁਰੂ ਹੋ ਰਹੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਲਈ ਵਾਈਲਡ ਕਾਰਡ ਦਾਖ਼ਲਾ ਮਿਲਦਾ ਹੈ ਜਾਂ ਨਹੀਂ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



