ਟਾਂਡਾਉੜਮੁੜ (ਇੰਦਰਜੀਤ ਸਿੰਘ) : ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਮਿਆਣੀ ਦੇ ਇਕ ਨੌਜਵਾਨ ਦੀ ਸਾਊਦੀ ਅਰਬ ਦੇ ਸ਼ਹਿਰ ਰਵੈਦਾ ਵਿਖੇ ਇਕ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਦੇਵ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਵੱਡੀ ਮਿਆਣੀ ਵਜੋਂ ਹੋਈ ਹੈ। ਇਸ ਮੌਕੇ ਵਿਰਲਾਪ ਕਰਦਿਆਂ ਮ੍ਰਿਤਕ ਦੇ ਪਿਤਾ ਕਾਲਾ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ ਨੂੰ ਘਰ ਗਿਰਵੀ ਰੱਖ ਕੇ ਕਰੀਬ 7/8 ਮਹੀਨੇ ਪਹਿਲਾਂ ਸਾਊਦੀ ਅਰਬ ਕੰਮਕਾਜ ਲਈ ਭੇਜਿਆ ਸੀ।
ਗੁਰਦੇਵ ਸਿੰਘ ਉੱਥੇ ਛੋਟੀ ਭਾੜਾ ਗੱਡੀ ਦੀ ਡਰਾਇਵਰੀ ਕਰਦਾ ਸੀ। ਸੱਤ ਜਨਵਰੀ ਨੂੰ ਪਹਿਲਾਂ ਗੁਰਦੇਵ ਨੇ ਆਪਣੀ ਮਾਤਾ ਸੰਤ ਕੌਰ ਨੂੰ ਫੋਨ ਕੀਤਾ ਕਿ ਉਸ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਹੈ ਤੇ ਉਹ ਸ਼ਾਮ ਨੂੰ ਕੰਮਕਾਜ ਤੋਂ ਵਿਹਲਾ ਹੋ ਕੇ ਫੋਨ ਕਰੇਗਾ। ਬਾਅਦ ਚ ਦੇਰ ਸ਼ਾਮ ਗੁਰਦੇਵ ਦੇ ਕਿਸੇ ਜਾਣਕਾਰ ਦਾ ਫੋਨ ਆਇਆ ਕਿ ਰਵੈਦਾ ਸ਼ਹਿਰ 'ਚ ਗੁਰਦੇਵ ਸਿੰਘ ਦੀ ਗੱਡੀ ਨੂੰ ਕਿਸੇ ਟਰਾਲਾ ਟਰੱਕ ਨੇ ਗ਼ਲਤ ਸਾਈਡ ਆ ਕੇ ਟੱਕਰ ਮਾਰ ਦਿੱਤੀ ਹੈ। ਹਾਦਸੇ ਦੌਰਾਨ ਗੁਰਦੇਵ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ।



