ਸ੍ਰੀ ਮੁਕਤਸਰ ਸਾਹਿਬ (ਇੰਦਰਜੀਤ ਸਿੰਘ) : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਧਰਮ, ਸੱਚ ਤੇ ਹੱਕ ਦੀ ਖਾਤਰ ਸੰਘਰਸ਼ ਵਜੋਂ ਸਨ। ਸ੍ਰੀ ਮੁਕਤਸਰ ਸਾਹਿਬ ਦੇ ਅਸਥਾਨ ’ਤੇ ਗੁਰੂ ਸਾਹਿਬ ਨੇ ਮੁਗਲ ਸਾਮਰਾਜ ਨਾਲ ਆਖਰੀ ਤੇ ਫੈਸਲਾਕੁੰਨ ਯੁੱਧ ਕਰਕੇ ਭਾਰਤ ਭਰ ਵਿੱਚੋ ਜ਼ੁਲਮੀ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਦਿਤੀਆਂ। ਇਸ ਜੰਗ ਸਮੇਂ ਹੋਏ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਮਾਘੀ ਦੇ ਦਿਹਾੜੇ ਮੌਕੇ ਸੰਗਤਾਂ ਵੱਡੀ ਗਿਣਤੀ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜਦੀਆਂ ਹਨ ਅਤੇ ਗੁਰੂ-ਘਰ ਨਤਮਸਤਕ ਹੋ ਕੇ ਆਪਣੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦੀਆਂ ਹਨ।
ਸ੍ਰੀ ਮੁਕਤਸਰ ਸਾਹਿਬ ਨੂੰ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹਾਸਲ ਹੋ ਗਿਆ ਹੈ। ਇੱਥੇ ਦੋ ਗੁਰਦੁਆਰਾ ਕੰਪਲੈਕਸ ਹਨ, ਇੱਕ ਨੂੰ ‘ਗੁਰਦੁਆਰਾ ਟੁੱਟੀ ਗੰਢੀ ਸਾਹਿਬ ਕੰਪਲੈਕਸ’ ਤੇ ਦੂਜੇ ਨੂੰ ‘ਗੁਰਦੁਆਰਾ ਟਿੱਬੀ ਸਾਹਿਬ ਕੰਪਲੈਕਸ’ ਕਰਕੇ ਜਾਣਿਆ ਜਾਂਦਾ ਹੈ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿੱਚ ਵਿਸ਼ਾਲ ਸਰੋਵਰ ਸਥਿਤ ਹੈ, ਜਿਹੜਾ ਤਰਨਤਾਰਨ ਸਾਹਿਬ ਦੇ ਸਰੋਵਰ ਤੋਂ ਬਾਅਦ ਦੂਜੇ ਵੱਡੇ ਸਰੋਵਰ ਵਜੋਂ ਜਾਣਿਆ ਜਾਂਦਾ ਹੈ। ਇਸ ਸਰੋਵਰ ਦੇ ਦੁਆਲੇ ਸੁਸ਼ੋਭਿਤ ਗੁਰਦੁਆਰੇ ਇਹ ਹਨ|
ਗੁਰਦੁਆਰਾ ਟੁੱਟੀ ਗੰਢੀ ਸਾਹਿਬ: ਇਸ ਅਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ 40 ਸਿੰਘਾਂ ਦੇ ਮੁਖੀ ਭਾਈ ਮਹਾਂ ਸਿੰਘ ਦੀ ਅਰਜੋਈ ’ਤੇ ਗੁਰੂ ਜੀ ਨੇ ਖ਼ੁਦ ਬੇਦਾਵਾ ਪਾੜਿਆ ਸੀ। 1984 ਵਿੱਚ ਇਸ ਗੁਰਦੁਆਰੇ ਦਾ ਕਾਫ਼ੀ ਹਿੱਸਾ ਨੁਕਸਾਨਿਆ ਗਿਆ ਸੀ, ਜਿਸ ਕਰਕੇ ਇਸ ਦੀ ਦੁਬਾਰਾ ਉਸਾਰੀ ਕੀਤੀ ਗਈ। ਗੁਰਦੁਆਰੇ ਦੇ ਬਿਲਕੁਲ ਸਾਹਮਣੇ ਇੱਕ ਵਿਸ਼ਾਲ ਸਰੋਵਰ ਹੈ, ਜਿਸ ਵਿੱਚ ਇਸ਼ਨਾਨ ਕਰ ਕੇ ਸੰਗਤਾਂ ਆਪਣਾ ਜੀਵਨ ਸਫ਼ਲ ਕਰਦੀਆਂ ਹਨ। ਸਰਵੋਰ ਦੇ ਚਾਰੇ ਪਾਸੇ ਪਰਿਕਰਮਾ ਵਿੱਚ ਸ਼ਾਨਦਾਰ ਵਰਾਂਡਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਸਰਾਂ ਅਤੇ ਭਾਈ ਮਹਾਂ ਸਿੰਘ ਦੀਵਾਨ ਹਾਲ ਦੀ ਇਮਾਰਤ ਹੈ। ਇੱਥੇ ਵਣ ਦਾ ਉਹ ਰੁੱਖ ਵੀ ਮੌਜੂਦ ਹੈ, ਜਿੱਥੇ ਗੁਰੂ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ।
ਗੁਰਦੁਆਰਾ ਤੰਬੂ ਸਾਹਿਬ: ਖਿਦਰਾਣੇ ਦੀ ਜੰਗ ਦੌਰਾਨ ਇਸ ਅਸਥਾਨ ’ਤੇ ਗੁਰੂ ਜੀ ਦੀਆਂ ਫ਼ੌਜਾਂ ਨੇ ਕਰੀਰਾਂ, ਮੱਲ੍ਹੇ ਤੇ ਝਾੜੀਆਂ ਆਦਿ ਜੰਗਲੀ ਦਰੱਖ਼ਤਾਂ ਉੱਪਰ ਆਪਣੀਆਂ ਚਾਦਰਾਂ ਅਤੇ ਹੋਰ ਵਸਤਰ ਪਾ ਕੇ ਫ਼ੌਜੀ ਤੰਬੂ ਲੱਗੇ ਹੋਣ ਦਾ ਭੁਲੇਖਾ ਪਾਇਆ ਸੀ। ਅਸਲ ਵਿੱਚ ਉਸ ਸਮੇਂ ਗੁਰੂ ਜੀ ਨਾਲ ਬਹੁਤ ਥੋੜੇ ਸਿੰਘ ਸਨ। ਇਹ ਗੁਰੂ ਜੀ ਦੇ ਜੰਗੀ ਹੁਨਰ ਦਾ ਕਮਾਲ ਸੀ ਕਿ ਥੋੜ੍ਹੀ ਫ਼ੌਜ ਦੇ ਹੁੰਦੇ ਹੋਇਆਂ ਵੀ ਦੁਸ਼ਮਣ ਦੇ ਹੌਂਸਲੇ ਪਸਤ ਕਰਨ ਲਈ ਇਹ ਤਰੀਕਾ ਅਪਣਾਇਆ ਗਿਆ। ਇਹ ਗੁਰਦੁਆਰਾ ਸਰੋਵਰ ਦੀ ਚੜ੍ਹਦੀ ਬਾਹੀ ਵਿੱਚ ਸਥਿਤ ਹੈ।
ਗੁਰਦੁਆਰਾ ਮਾਈ ਭਾਗੋ: ਸਿੱਖ ਇਤਿਹਾਸ ਵਿੱਚ ਮਾਈ ਭਾਗੋ ਨੂੰ ਬਹੁਤ ਹੀ ਸਨਮਾਨਯੋਗ ਸਥਾਨ ਹਾਸਲ ਹੈ। ਉਨ੍ਹਾਂ ਦਾ ਜ਼ਿਕਰ ਸਿੱਖ ਪੰਥ ਦੀਆਂ ਸਿਰਮੌਰ ਇਸਤਰੀ ਸ਼ਖ਼ਸੀਅਤਾਂ ਵਿੱਚ ਸ਼ੁਮਾਰ ਹੁੰਦਾ ਹੈ। ਮਾਈ ਭਾਗੋ ਦੀ ਪ੍ਰੇਰਨਾ ਅਤੇ ਅਗਵਾਈ ਸਦਕਾ ਹੀ ਗੁਰੂ ਜੀ ਦਾ ਸਾਥ ਛੱਡ ਗਏ ਸਿੰਘਾਂ ਨੇ ਇਸ ਅਸਥਾਨ ’ਤੇ ਯੁੱਧ ਕੀਤਾ ਅਤੇ ਵੀਰਗਤੀ ਪ੍ਰਾਪਤ ਕੀਤੀ ਸੀ। ਮਾਈ ਭਾਗੋ ਦੀ ਯਾਦ ਵਿੱਚ ਗੁਰਦੁਆਰਾ ਤੰਬੂ ਸਾਹਿਬ ਦੇ ਬਿਲਕੁਲ ਨਾਲ ਇਹ ਗੁਰਦੁਆਰਾ ਸਥਾਪਿਤ ਕੀਤਾ ਗਿਆ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ: ਜੰਗ ਦੌਰਾਨ ਸ਼ਹੀਦ ਹੋਏ ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਹੱਥੀਂ ਜਿਸ ਜਗ੍ਹਾ ’ਤੇ ਸਸਕਾਰ ਕੀਤਾ ਗਿਆ, ਉਸ ਜਗ੍ਹਾ ’ਤੇ ਇਹ ਗੁਰਦੁਆਰਾ ਸੁਸ਼ੋਭਿਤ ਹੈ। ਇਸ ਅਸਥਾਨ ’ਤੇ 12 ਫਰਵਰੀ (21 ਵਿਸਾਖ) ਤੋਂ 3 ਮਈ ਤੱਕ 40 ਮੁਕਤਿਆਂ ਦੀ ਯਾਦ ਵਿੱਖ ਅਖੰਡ ਪਾਠਾਂ ਦੀ ਲੜੀ ਸ਼ੁਰੂ ਕਰ ਕੇ ਭੋਗ ਪਾਏ ਜਾਂਦੇ ਹਨ। ਇੱਥੇ ਇੱਕ ਡਿਸਪੈਂਸਰੀ ਹੈ, ਜਿੱਥੇ ਗ਼ਰੀਬ ਲੋਕਾਂ ਦੀ ਮੁਫ਼ਤ ਸੇਵਾ ਕੀਤੀ ਜਾਂਦੀ ਹੈ। ਇੱਥੇ ਲੰਗਰ ਹਾਲ ਵੀ ਹੈ।
ਅਜਾਇਬ ਘਰ: ਅਜਾਇਬ ਘਰ ਵਿੱਚ ਹੱਥ ਚਿੱਤਰਾਂ ਦੀ ਖ਼ੂਬਸੂਰਤ ਲੜੀ ਸਥਾਪਿਤ ਹੈ। ਇਹ ਆਪਣੇ ਆਪ ਵਿੱਚ ਵਿਸ਼ੇਸ਼ ਤੇ ਜਾਣਕਾਰੀ ਭਰਪੂਰ ਉੱਦਮ ਹੈ।ਗੁਰਦੁਆਰਾ ਟਿੱਬੀ ਸਾਹਿਬ ਕੰਪਲੈਕਸ’ ਸ਼ਹਿਰ ਦੀ ਪੱਛਮੀ ਬਾਹੀ ’ਤੇ ਗੁਰੂ ਹਰਸਹਾਏ ਰੋਡ ’ਤੇ ਸਥਿਤ ਹੈ। ਇੱਥੇ ਹੇਠ ਲਿਖੇ ਗੁਰਦੁਆਰੇ ਸਥਿਤ ਹਨ|
ਗੁਰਦੁਆਰਾ ਟਿੱਬੀ ਸਾਹਿਬ: ਖਿਦਰਾਣਾ ਦੀ ਜੰਗ ਵੇਲੇ ਜੰਗੀ ਨੁਕਤਾ-ਏ-ਨਜ਼ਰ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਸਾਹਿਬ ਨੇ ਇੱਕ ਉੱਚੀ ਟਿੱਬੀ ’ਤੇ ਮੋਰਚਾ ਲਾਇਆ ਹੋਇਆ ਸੀ, ਜਿੱਥੋਂ ਉਹ ਫ਼ੌਜ ਦੀ ਕਮਾਂਡ ਵੀ ਸੰਭਾਲਦੇ ਸਨ ਅਤੇ ਆਪਣੇ ਤੀਰਾਂ ਦੀ ਵਰਖਾ ਨਾਲ ਦੁਸ਼ਮਣਾਂ ਨੂੰ ਭਾਜੜਾਂ ਵੀ ਪਾੳੁਂਦੇ ਸਨ। ਇਸ ਅਸਥਾਨ ’ਤੇ ਹੀ ਗੁਰਦੁਆਰਾ ਟਿੱਬੀ ਸਾਹਿਬ ਸੁਸ਼ੋਭਿਤ ਹੈ।
ਗੁਰਦੁਆਰਾ ਦਾਤਣਸਰ ਸਾਹਿਬ: ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਣਾਏ ਗਏ ਸਿੱਖੀ ਅਸੂਲਾਂ ਵਿੱਚ ਸਰੀਰ ਦੀ ਨਿਯਮਬੱਧ ਸਫ਼ਾਈ ਰੱਖਣਾ ਵੀ ਸ਼ਾਮਲ ਹੈ। ਗੁਰੂ ਜੀ ਨੇ ਲੜਾਈ ਦੇ ਕਠਿਨ ਸਮੇਂ ਵਿੱਚ ਵੀ ਆਪਣਾ ਨਿਤਨੇਮ ਨਹੀਂ ਛੱਡਿਆ। ਆਪਣੇ ਨਿਤਨੇਮ ਅਨੁਸਾਰ ਗੁਰੂ ਜੀ ਸਵੇਰੇ ਉੱਠ ਕੇ ਦਾਤਣ ਕੁਰਲਾ ਕਰਦੇ ਸਨ। ਇਸ ਅਸਥਾਨ ’ਤੇ ਹੀ ਗੁਰਦੁਆਰਾ ਦਾਤਣਸਰ ਸਾਹਿਬ ਸੁਸ਼ੋਭਿਤ ਹੈ। ਜੰਗ ਦੌਰਾਨ ਜਦੋਂ ਗੁਰੂ ਜੀ ਇੱਕ ਦਿਨ ਦਾਤਣ ਕਰ ਰਹੇ ਸਨ ਤਾਂ ਸੂਬਾ ਸਰਹੰਦ ਦਾ ਸਿਪਾਹੀ ਨੂਰਦੀਨ ਗੁਰੂ ਜੀ ਨੂੰ ਕਤਲ ਕਰਨ ਦੀ ਨੀਯਤ ਨਾਲ ਆਇਆ ਤੇ ਜੰਗੀ ਨਿਯਮਾਂ ਦੇ ਵਿਪਰੀਤ ਪਿੱਠ ਪਿੱਛੋਂ ਗੁਰੂ ਜੀ ’ਤੇ ਤਲਵਾਰ ਨਾਲ ਵਾਰ ਕਰ ਦਿੱਤਾ। ਹਰ ਸਮੇਂ ਤਿਆਰ ਰਹਿਣ ਵਾਲੇ ਗੁਰੂ ਜੀ ਨੇ ਆਪਣੇ ਹੱਥ ਵਿਚਲੇ ਸਰਬਲੋਹ ਦੇ ਗੜਵੇ ਦੇ ਇੱਕ ਵਾਰ ਨਾਲ ਹੀ ਨੂਰਦੀਨ ਨੂੰ ਚਿੱਤ ਕਰ ਦਿੱਤਾ। ਇਸ ਅਸਥਾਨ ’ਤੇ ਉਸ ਦੀ ਕਬਰ ਬਣੀ ਹੋਈ ਹੈ। ੳੁਸ ਦੀ ਕਬਰ ’ਤੇ ਗੁਰੂ ਦਾ ਹਰ ਸਿੱਖ ਜੁੱਤੀਆਂ ਮਾਰਦਾ ਹੈ।
ਗੁਰਦੁਆਰਾ ਰਕਾਬਸਰ ਸਾਹਿਬ: ਇਹ ਗੁਰਦੁਆਰਾ ਟਿੱਬੀ ਸਾਹਿਬ ਦੇ ਸਾਹਮਣੇ ਸਥਿਤ ਹੈ। ਖਿਦਰਾਣਾ ਦੀ ਜੰਗ ਦੌਰਾਨ ਘੋੜੇ ’ਤੇ ਸਫ਼ਰ ਕਰਦਿਆਂ ਗੁਰੂ ਜੀ ਦੇ ਘੋੜੇ ਦੀ ਇੱਕ ਰਕਾਬ ਟੁੱਟ ਗਈ ਸੀ, ਜਿਸ ਨੂੰ ਇਸ ਅਸਥਾਨ ’ਤੇ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ।
ਹੋਲਾ ਮਹੱਲਾ: ਮਾਘੀ ਦੇ ਮੇਲੇ ਦੀ ਸਮਾਪਤੀ ਹੋਲੇ ਮਹੱਲੇ ਨਾਲ ਹੁੰਦੀ ਹੈ। ਇਸ ਹੋਲੇ ਮਹੱਲੇ ਦੌਰਾਨ ਦੂਰ ਦੂਰਾਡੇ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜਦੀਆਂ ਹਨ। ‘ਗੁਰੂ ਦੀਆਂ ਲਾਡਲੀਆਂ ਫ਼ੌਜਾਂ’ ਨਿਹੰਗ ਸਿੰਘ ਆਪਣੇ ਪੂਰੇ ਜਾਹੋ ਜਲਾਲ ਨਾਲ ਪੁਰਾਤਨ ਜੰਗੀ ਤਕਨੀਕ ਗੱਤਕਾ ਅਤੇ ਘੋੜ ਦੌੜ ਦੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ।

