ਵੈੱਬ ਡੈਸਕ (ਵਿਕਰਮ ਸਹਿਜਪਾਲ) : ਪੁਲਵਾਮਾ ਹਮਲੇ ਦੇ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਭਾਰਤ ਵੱਲੋਂ ਕੀਤੀ ਏਅਰ ਸਟ੍ਰਾਈਕ ਨੂੰ ਲੈ ਕੇ ਪਹਿਲਾਂ ਪਾਕਿਸਤਾਨ ਨੇ ਝੂਠ ਬੋਲਿਆ ਪਰ ਹੁਣ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਦਾਰ ਮਸੂਦ ਅਜ਼ਹਰ ਦੇ ਛੋਟੇ ਭਰਾ ਮੌਲਾਨਾ ਅੰਮਾਰ ਨੇ ਭਾਰਤੀ ਹਵਾਈ ਫੌਜ ਵੱਲੋਂ ਕੀਤੀ ਏਅਰ ਸਟ੍ਰਾਈਕ ਦੀ ਪੁਸ਼ਟੀ ਕੀਤੀ ਹੈ। ਉਸ ਦਾ ਇਕ ਆਡੀਓ ਸਾਹਮਣੇ ਆਇਆ ਹੈ। ਜਿਸ ਵਿਚ ਉਹ ਭਾਰਤ ਦੀ ਕਾਰਵਾਈ ਵਿਚ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ ਦੀ ਤਬਾਹੀ ਦਾ ਰੋਣਾ ਰੋ ਰਿਹਾ ਹੈ। ਇਹ ਆਡੀਓ 28 ਫਰਵਰੀ ਦਾ ਹੈ, ਜਿਸ ਵਿਚ ਮੌਲਾਨਾ ਅੰਮਾਰ ਨੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਭਾਰਤੀ ਹਵਾਈ ਫੌਜ ਦੀ ਏਅਰ ਸਟ੍ਰਾਈਕ ਵਿਚ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪਾਂ ਦੇ ਤਬਾਹ ਹੋਣ ਦੀ ਗੱਲ ਕਹੀ ਹੈ।
ਇਸ ਆਡੀਓ ਟੇਪ ਵਿਚ ਅੰਮਾਰ ਨੇ ਸਵੀਕਾਰ ਕੀਤਾ ਹੈ ਕਿ ਭਾਰਤ ਵੱਲੋਂ ਕੀਤੀ ਏਅਰ ਸਟ੍ਰਾਈਕ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਠਿਕਾਣਿਆਂ ਨੂੰ ਨੁਕਸਾਨ ਪਹੁੰਚਿਆ ਹੈ।
ਉਸ ਨੇ ਸਵੀਕਾਰ ਕੀਤਾ ਕਿ ਭਾਰਤੀ ਹਵਾਈ ਫੌਜ ਨੇ ਉਸ ਦੇ ਠਿਕਾਣਿਆਂ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਆਡੀਓ ਟੇਪ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਭਾਰਤੀ ਹਵਾਈ ਫੌਜ ਨੇ ਉਸ ਜਗ੍ਹਾ ਬੰਬ ਸੁੱਟੇ ਜਿੱਥੇ ਜੈਸ਼ ਅੱਤਵਾਦੀਆਂ ਨੂੰ ਟਰੇਨਿੰਗ ਦਿੰਦਾ ਸੀ। ਇਸ ਆਡੀਓ ਨੂੰ ਪਾਕਿਸਤਾਨ ਤੋਂ ਬਰਖਾਸਤ ਪੱਤਰਕਾਰ ਤਾਹਾ ਸਿੱਦੀਕੀ ਨੇ ਟਵੀਟ ਕੀਤਾ ਹੈ। ਉਸ ਨੇ ਮੰਨਿਆ ਕਿ ਭਾਰਤ ਨੇ ਕਿਸੇ ਏਜੰਸੀ ਦੀ ਇਮਾਰਤ ਜਾਂ ਹੈੱਡਕੁਆਰਟਰ 'ਤੇ ਹਮਲਾ ਨਹੀਂ ਕੀਤਾ ਸਗੋਂ ਉਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਉਨ੍ਹਾਂ ਦੀ ਮੀਟਿੰਗ ਹੁੰਦੀ ਸੀ। ਇਨ੍ਹਾਂ ਕੈਂਪਾਂ ਵਿਚ ਨੌਜਵਾਨਾਂ ਨੂੰ ਅੱਤਵਾਦੀ ਬਣਨ ਦੀ ਟਰੇਨਿੰਗ ਦਿੱਤੀ ਜਾਂਦੀ ਸੀ।



