ਸੰਗਰੂਰ (ਇੰਦਰਜੀਤ ਸਿੰਘ) : ਪਿੰਡ ਗਿਦੜਿਆਨੀ 'ਚ ਤਿੰਨ ਦਿਨਾ ਦੀਵਾਨ ਦੌਰਾਨ ਦੀਵਾਨ ਸਮਾਪਤੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ 'ਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਦੀਵਾਨਾਂ ਦਾ ਵਿਰੋਧ ਕਰ ਰਹੇ ਨਿਹੰਗ ਸਿੰਘ ਤੇ ਦਮਦਮੀ ਟਕਸਾਲ ਦੇ ਪ੍ਰਤੀਨਿਧੀਆਂ ਸਬੰਧੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਵਿਰੋਧ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਹਿ 'ਤੇ ਕੀਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਸਟਮ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕਾ ਹੈ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਨਹੀਂ ਹੋਏ ਹਨ, ਉਸੇ ਰੰਜ਼ਿਸ਼ ਕਾਰਨ ਦਮਦਮੀ ਟਕਸਾਲ ਤੇ ਹੋਰਨਾਂ ਨੂੰ ਹੱਲਾਸ਼ੇਰੀ ਦੇ ਕੇ ਪੰਜਾਬ 'ਚ ਉਨ੍ਹਾਂ ਦੇ ਦੀਵਾਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਗਿਆ ਸੀ, ਜਿਥੇ ਉਹ ਪੇਸ਼ ਨਹੀਂ ਹੋਏ।
ਇਕ ਪੱਤਰ ਉਨ੍ਹਾਂ ਨੂੰ ਸੋਮਵਾਰ ਨੂੰ ਮਿਲਿਆ ਹੈ, ਜਿਸ 'ਚ ਲਿਖਿਆ ਗਿਆ ਹੈ ਕਿ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਸਾਹਮਣੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਪਰ ਹੁਣ ਉਨ੍ਹਾਂ ਦਾ ਸਵਾਲ ਇਹ ਹੈ ਕਿ ਆਖ਼ਰ ਹੁਣ ਪੰਜ ਮੈਂਬਰੀ ਕਮੇਟੀ ਦਾ ਗਠਨ ਕਿਉਂ ਕੀਤਾ ਗਿਆ ਹੈ, ਜਦੋਂ ਜਥੇਦਾਰ ਗੁਰਬਚਨ ਸਿੰਘ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਮਾਫ਼ੀ ਦਿੱਤੀ ਸੀ ਤਾਂ ਉਸ ਸਮੇਂ ਭਲਾ ਪੰਜ ਮੈਂਬਰੀ ਕਮੇਟੀ ਦਾ ਗਠਨ ਕਿਉਂ ਨਹੀਂ ਕੀਤਾ। ਹੁਣ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਪਰ ਉਹ ਪੇਸ਼ ਨਹੀਂ ਹੋਣਗੇ। ਢੱਡਰੀਆਂ ਵਾਲੇ ਨੇ ਕਿਹਾ ਕਿ ਹੁਣ ਇਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਯਾਦ ਆਈ ਹੈ। ਤਾਂ ਉਹ ਪ੍ਰਚਾਰਕਾਂ ਲਈ ਇਕ ਪ੍ਰਚਾਰ ਢਾਂਚੇ ਦਾ ਗਠਨ ਕਰਨ, ਜਿਸ 'ਚ ਤੈਅ ਕੀਤਾ ਜਾਵੇ ਕਿ ਪ੍ਰਚਾਰਕਾਂ ਨੂੰ ਕੀ ਬੋਲਣਾ ਹੈ ਤੇ ਕੀ ਨਹੀਂ।
ਉਨ੍ਹਾਂ ਦੋਸ਼ ਲਗਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚਹੇਤੇ ਸਿੱਖ ਸੰਗਠਨਾਂ ਨੂੰ ਦਸਮਗ੍ਰੰਥ ਦੇ ਪ੍ਰਕਾਸ਼ ਕਰਨ ਦੀ ਇਜਾਜ਼ਤ ਹੈ। ਉੱਥੇ ਕਿਸੇ ਪ੍ਰਚਾਰਕ ਦੇ ਪ੍ਰਚਾਰ ਕਰਨ 'ਤੇ ਵੀ ਇਤਰਾਜ਼ ਜਾਹਿਰ ਕਰ ਕੇ ਉਸ ਨੂੰ ਪੰਥ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਸਾਰੇ ਸਿੱਖ ਡੇਰਿਆਂ 'ਚ ਲਾਗੂ ਕਰਵਾਇਆ ਜਾਵੇਗਾ। ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫ਼ੀ ਦੇਣ ਵਾਲੇ ਜਥੇਦਾਰ ਸਾਹਿਬ, ਸਾਰੇ ਸਿੱਖ ਡੇਰਾ ਮੁਖੀਆਂ, ਪ੍ਰਚਾਰਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ ਕਰਨ ਤਾਂ ਉਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚਣਗੇ। ਉਨ੍ਹਾਂ ਐੱਸਜੀਪੀਸੀ 'ਤੇ ਵੀ ਇਸ ਵਿਰੋਧ ਲਈ ਦੋਸ਼ ਲਗਾਏ।ਉਨ੍ਹਾਂ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਦਾ ਹੀ ਪ੍ਰਚਾਰ ਕਰਦੇ ਹਨ।
ਅੱਜ ਦੇ ਬੱਚੇ ਪੜ੍ਹੇ ਲਿਖੇ ਤੇ ਸੂਝਵਾਨ ਹਨ ਉਨ੍ਹਾਂ ਨੂੰ ਚਮਤਕਾਰੀ ਤਰੀਕੇ ਨਾਲ ਕੋਈ ਗੱਲ ਨਹੀਂ ਸਮਝਾਈ ਜਾ ਸਕਦੀ। ਇਸ ਲਈ ਉਹ ਤਰਕ ਤੇ ਪ੍ਰੈਕਟੀਕਲ ਤਰੀਕੇ ਨਾਲ ਪ੍ਰਚਾਰ ਕਰਦੇ ਹਲ, ਤਾਂਕਿ ਹਰ ਗੱਲ ਅੱਜ ਦੀ ਪੀੜ੍ਹੀ ਨੂੰ ਸਮਝਾਈ ਜਾ ਸਕੇ। ਪਰ ਵਿਰੋਧੀਆਂ ਦਾ ਕਹਿਣਾ ਹੈ ਕਿ ਉਹ ਸਿੱਖ ਇਤਿਹਾਸ ਤੋੜ ਮਰੋੜ ਕੇ ਪੇਸ਼ ਕਰਦੇ ਹਨ।ਪਿੰਡ ਗਿਦੜਿਆਨੀ 'ਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਤਿੰਨ ਦਿਨਾ ਦੀਵਾਨ ਮੰਗਲਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੇ, ਜਦਕਿ ਦੀਵਾਨਾਂ ਦਾ ਵਿਰੋਧ ਕਰ ਰਹੇ ਦਮਦਮੀ ਟਕਸਾਲ ਦੇ ਪ੍ਰਤੀਨਿਧੀਆਂ ਤੇ ਸਮਰਥਕਾਂ ਨੂੰ ਪੁਲਿਸ ਨੇ ਪਿੰਡ ਕਨਕਵਾਲ ਭੰਗੂਆਂ ਤਕ ਹੀ ਸੀਮਿਤ ਰੱਖਿਆ। ਮੰਗਲਵਾਰ ਨੂੰ ਆਈਜੀ ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ, ਐੱਸਐੱਸਪੀ ਡਾ. ਸੰਦੀਪ ਗਰਗ ਨੇ ਵੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੰਗਲਵਾਰ ਨੂੰ ਦੀਵਾਨ 'ਚ ਸੰਗਤ ਵੀ ਕਾਫ਼ੀ ਘੱਟ ਰਹੀ। ਇਸ 'ਤੇ ਸੰਤ ਢੱਡਰੀਆਂ ਵਾਲੇ ਨੇ ਕਿਹਾ ਕਿ ਲੋਕਾਂ ਨੂੰ ਡਰ ਹੈ ਕਿ ਕਿਤੇ ਦੀਵਾਨ 'ਚ ਗੋਲ਼ੀ ਨਾ ਚੱਲ ਜਾਵੇ। ਪਰ ਲੋਕਾਂ ਨੂੰ ਡਰਨ ਦੀ ਲੋੜ ਨਹੀਂ।



