ਮਾਨ ਦੀ ਗੱਲ, ਲੋਕਾਂ ਦੀ ਜਾਨ ਬਚਾਉਣ ਤੇ ਕੈਨੇਡਾ ‘ਚ ਪੰਜਾਬੀ ਨੂੰ ਮਿਲੇਗਾ ‘ਕਾਰਨੀਗੀ ਮੈਡਲ’

by vikramsehajpal

ਬਰੈਂਪਟਨ (ਐਨ.ਆਰ.ਆਈ. ਮੀਡਿਆ) : ਬਰੈਂਪਟਨ ਕੈਨੇਡਾ ਦੇ ਹਰਮਨਜੀਤ ਸਿੰਘ ਗਿੱਲ, ਜਿਸ ਨੂੰ ਹਰਮਨ ਗਿੱਲ ਵੀ ਕਿਹਾ ਜਾਂਦਾ ਹੈ, ਨੂੰ ਕਾਰਨੀਗੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਦੱਸ ਦਈਏ ਕਿ ਕਾਰਨੀਗੀ ਮੈਡਲ ਉਨ੍ਹਾਂ ਆਮ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ, ਜੋ ਆਪਣੀ ਜ਼ਿੰਦਗੀ ਨੂੰ ਅਸਧਾਰਣ ਢੰਗ ਨਾਲ ਦਾਅ 'ਤੇ ਲਗਾ ਕੇ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨ ਗਿੱਲ ਉਸ ਸਮੇਂ 20 ਸਾਲ ਦਾ ਸੀ, ਜਦੋਂ ਉਸ ਨੇ ਸੰਨ 2018 ਵਿਖੇ ਬਰੈਂਪਟਨ ਦੇ ਵਿਲਿਅਮਜ਼ ਪਾਰਕਵੇਅ ਦੇ ਨੇੜੇ ਹਾਦਸਾਗ੍ਰਸਤ ਗੱਡੀ ਵਿਚੋਂ 3 ਜਾਨਾਂ ਨੂੰ ਬਚਾਇਆ ਸੀ। ਜਾਣਕਾਰੀ ਮੁਤਾਬਕ ਕ੍ਰੈਡਿਟ ਵਿਉ ਡਰਾਇਵ ਲਾਗੇ ਇਕ ਐੱਸ. ਯੂ. ਵੀ. ਇਕ ਘਰ ਨਾਲ ਟਕਰਾ ਗਈ ਅਤੇ ਇਸ ਵਿਚ ਅੱਗ ਲੱਗ ਗਈ ਜਦਕਿ ਗੱਡੀ ਅੰਦਰ 3 ਵਿਅਕਤੀ ਫਸੇ ਹੋਏ ਸਨ। ਹਰਮਨ ਨੇ ਭਾਰੀ ਖ਼ਤਰੇ ਦੇ ਬਾਵਜੂਦ ਐੱਸ. ਯੂ. ਵੀ.ਵਿਚੋਂ ਵਾਰੀ-ਵਾਰੀ ਤਿੰਨਾਂ ਜਾਣਿਆਂ ਨੂੰ ਬਚਾ ਲਿਆ।

ਇਸ ਹਾਦਸੇ ਵਿਚ ਉਸ ਦੇ ਹੱਥ ਉੱਤੇ ਸੱਟਾਂ ਵੀ ਲੱਗ ਗਈਆਂ ਸਨ ਪਰ ਤਿੰਨ ਜ਼ਿੰਦਗੀਆਂ ਬਚਾਉਣ ਵਿਚ ਉਹ ਸਫਲ ਰਿਹਾ, ਜਿਨ੍ਹਾਂ ਲਈ ਉਹ ਫਰਿਸ਼ਤਾ ਬਣ ਕੇ ਆਇਆ। ਜ਼ਿਕਰਯੋਗ ਹੈ ਕਿ ਇਹ ਐਵਾਰਡ ਸਾਲ 1904 ਤੋਂ ਸ਼ੁਰੂ ਹੋਇਆ ਸੀ ਜੋ ਅਸਾਧਾਰਣ ਬਹਾਦਰੀ ਵਿਖਾਉਣ 'ਤੇ ਦਿੱਤਾ ਜਾਂਦਾ ਹੈ ।