ਭਾਰਤ ਸਰਕਾਰ ਨੇ ‘ਟਵਿੱਟਰ’ ਨੂੰ ਹੋਰ 1178 ਅਕਾਊਂਟ ਬੰਦ ਕਰਨ ਲਈ ਕਿਹਾ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ)- ਭਾਰਤ ਸਰਕਾਰ ਨੇ ‘ਟਵਿੱਟਰ’ ਨੂੰ ਇੱਕ ਨਵਾਂ ਨੋਟਿਸ ਭੇਜ ਕੇ 1178 ਹੋਰ ਅਕਾਊਂਟ ਬੰਦ ਕਰਨ ਲਈ ਕਿਹਾ ਹੈ। ਸਰਕਾਰ ਮੰਨ ਰਹੀ ਹੈ ਕਿ ਇਹ ਖਾਤੇ ਖਾਲਿਸਤਾਨ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਦੇ ਹਨ ਤੇ ਇਨ੍ਹਾਂ ਨੂੰ ਪਾਕਿਸਤਾਨ ਦੀ ਵੀ ਹਮਾਇਤ ਹੈ। ਸਰਕਾਰ ਨੇ ‘ਟਵਿੱਟਰ’ ਨੂੰ 10 ਦਿਨਾਂ ਵਿਚ ਇਹ ਦੂਜਾ ਨੋਟਿਸ ਭੇਜਿਆ ਹੈ।

ਸੂਤਰਾਂ ਮੁਤਾਬਕ ਟਵਿੱਟਰ ਨੂੰ ਨਵਾਂ ਨੋਟਿਸ ਪਿਛਲੇ ਹਫ਼ਤੇ ਭੇਜਿਆ ਗਿਆ ਹੈ ਤੇ ਕੰਪਨੀ ਨੇ ਹਾਲੇ ਤੱਕ ਹੁਕਮਾਂ ਉਤੇ ਅਮਲ ਨਹੀਂ ਕੀਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਵੀ ਆਈਟੀ ਮੰਤਰਾਲੇ ਨੇ ਮਾਈਕ੍ਰੋ-ਬਲੌਗਿੰਗ ਪਲੈਟਫਾਰਮ ਨੂੰ 257 ਅਕਾਊਂਟ ਬੰਦ ਕਰਨ ਲਈ ਕਿਹਾ ਸੀ। ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਕਈ ਹੈਸ਼ਟੈਗ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਚਲਾਏ ਗਏ ਸਨ। ਉਧਰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਸਾਨ ਅੰਦੋਲਨ ਦੇ ਸੰਦਰਭ ਵਿਚ ਉੱਘੀਆਂ ਭਾਰਤੀ ਸ਼ਖ਼ਸੀਅਤਾਂ ਵੱਲੋਂ ਕੀਤੇ ਗਏ ਟਵੀਟਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਕੌਮਾਂਤਰੀ ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਲਤਾ ਮੰਗੇਸ਼ਕਰ, ਸਚਿਨ ਤੇਂਦੁਲਕਰ, ਅਕਸ਼ੈ ਕੁਮਾਰ ਤੇ ਸਾਇਨਾ ਨੇਹਵਾਲ ਨੇ ਕਿਸਾਨ ਸੰਘਰਸ਼ ਬਾਰੇ ਟਵੀਟ ਕੀਤੇ ਸਨ।

ਉਨ੍ਹਾਂ ਲੋਕਾਂ ਨੂੰ ਏਕਾ ਬਣਾ ਕੇ ਰੱਖਣ ਲਈ ਕਿਹਾ ਸੀ। ਦੇਸ਼ਮੁਖ ਨੇ ਮਾਮਲੇ ਨੂੰ ‘ਗੰਭੀਰ’ ਦੱਸਦਿਆਂ ਕਿਹਾ ਕਿ ਖ਼ੁਫ਼ੀਆ ਵਿਭਾਗ ਮਾਮਲੇ ਦੀ ਤਹਿ ਤੱਕ ਜਾਵੇਗਾ।