ਫੌਜੀ ਬੈਰਕ ਵਿਚ ਜਬਰਦਸਤ ਧਮਾਕਾ, 31 ਮਾਰੇ, 2.50 ਲੱਖ ਲੋਕ ਪ੍ਰਭਾਵਤ

by vikramsehajpal

ਮਾਲਬਾ (ਦੇਵ ਇੰਦਰਜੀਤ)- ਇਕੂਟੇਰੀਅਲ ਗਿੰਨੀ ਵਿਚ ਇਕ ਫੌਜੀ ਬੈਰਕ ਵਿਚ ਹੋਏ ਜਬਰਦਸਤ ਧਮਾਕੇ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ 31 ਤੱਕ ਪਹੁੰਚ ਗਈ ਹੈ। ਮਰਨ ਵਾਲਿਆਂ ਵਿਚ ਬਹੁਤ ਸਾਰੇ ਮਾਸੂਮ ਬੱਚੇ ਵੀ ਸ਼ਾਮਲ ਹਨ।

ਸਿਹਤ ਮੰਤਰਾਲੇ ਨੇ ਕਿਹਾ ਕਿ ਮਲਬੇ ਵਿੱਚ ਪਈਆਂ ਲਾਸ਼ਾਂ ਦੀ ਭਾਲ ਜਾਰੀ ਹੈ। ਮਾਰੇ ਗਏ ਲੋਕਾਂ ਦੀ ਗਿਣਤੀ ਅਜੇ ਵੀ ਵਧ ਸਕਦੀ ਹੈ। ਇਸ ਧਮਾਕੇ ਵਿੱਚ 600 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਵਿਚੋਂ ਕੁਝ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਅਤੇ ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ, ਇਕੂਟੇਰੀਅਲ ਗਿੰਨੀ ਦੇ ਰਾਸ਼ਟਰਪਤੀ ਟਿਓਡੋਰਾ ਓਬਿਆਂਗ ਨਗੁਮੇ ਨੇ ਹਾਦਸੇ 'ਤੇ ਅਫਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਹ ਧਮਾਕਾ ਡਾਇਨਾਮਾਈਟ ਨਾਲ ਨਜਿੱਠਣ ਵਿੱਚ ਲਾਪਰਵਾਹੀ ਕਾਰਨ ਹੋਇਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਸ ਧਮਾਕੇ ਵਿੱਚ ਬਾਟਾ ਸ਼ਹਿਰ ਦੀਆਂ ਸਾਰੀਆਂ ਇਮਾਰਤਾਂ ਅਤੇ ਮਕਾਨ ਨੁਕਸਾਨੇ ਗਏ ਹਨ। ਇਸ ਨਾਲ ਤਕਰੀਬਨ 2,50,000 ਲੋਕ ਪ੍ਰਭਾਵਤ ਹੋਏ ਹਨ।