ਪਹਿਲਾ ਦੋ ਨਿਹੰਗ ਸਿੰਘਾਂ ਨੇ ਪੁਲਿਸ ‘ਤੇ ਕੀਤਾ ਜਾਨਲੇਵਾ ਹਮਲਾ, ਫਿਰ ਪੁਲਿਸ ਢੇਰ ਕੀਤੇ ਨਿਹੰਗ

by vikramsehajpal

ਭਿੱਖੀਵਿੰਡ (ਦੇਵ ਇੰਦਰਜੀਤ) : ਨਾਂਦੇੜ ’ਚ ਇਕ ਵਿਅਕਤੀ ਦਾ ਕਤਲ ਕਰਕੇ ਪਿੰਡ ਸੁਰਸਿੰਘ ਆਏ ਦੋ ਨਿਹੰਗਾਂ ਨੂੰ ਐਤਵਾਰ ਤਰਨਤਾਰਨ ਪੁਲਿਸ ਨੇ ਮੁਕਾਬਲੇ ’ਚ ਢੇਰ ਕਰ ਦਿੱਤਾ ਹੈ। ਦੋਸ਼ ਹੈ ਕਿ ਇਨ੍ਹਾਂ ਬਾਰੇ ਸੂਹ ਮਿਲਣ ਪਿੱਛੋਂ ਜਦੋਂ ਤਿੰਨ ਥਾਣਿਆਂ ਦੇ ਮੁਖੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਗਏ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੋ ਨੂੰ ਜ਼ਖ਼ਮੀ ਕਰ ਦਿੱਤਾ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ’ਤੇ ਡੀਆਈਜੀ ਫਿਰੋਜ਼ਪੁਰ ਰੇਂਜ ਹਰਦਿਆਲ ਸਿੰਘ ਮਾਨ, ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਤੋਂ ਇਲਾਵਾ ਐੱਸਡੀਐੱਮ ਪੱਟੀ ਰਾਜੇਸ਼ ਸ਼ਰਮਾ ਅਤੇ ਜ਼ਿਲ੍ਹੇ ਦੇ ਹੋਰ ਕਈ ਅਧਿਕਾਰੀ ਪੁੱਜੇ।

ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਦੱਸ ਦਈਏ ਕੀ ਐੱਸਐੱਸਪੀਨਿੰਬਾਲੇ ਨੇ ਦੱਸਿਆ ਕਿ ਮਹਿਤਾਬ ਸਿੰਘ ਅਤੇ ਗੁਰਦੇਵ ਸਿੰਘ ਨਾਂ ਦੇ ਇਹ ਦੋ ਨਿਹੰਗ 11 ਮਾਰਚ ਨੂੰ ਨਾਂਦੇਡ਼ ਵਿਖੇ ਬਾਬਾ ਸੰਤੋਖ ਸਿੰਘ ਨਾਂ ਦੇ ਵਿਅਕਤੀ ਦਾ ਕਤਲ ਕਰਕੇ ਉੱਥੋਂ ਫ਼ਰਾਰ ਹੋਏ ਸਨ। ਦੋਵਾਂ ਖ਼ਿਲਾਫ਼ ਨਾਂਦੇੜ ਦੇ ਥਾਣਾ ਵਜ਼ੀਰਾਬਾਦ ਵਿਚ ਹੱਤਿਆ ਦਾ ਕੇਸ ਦਰਜ ਹੋਇਆ ਸੀ। ਨਾਂਦੇੜ ਪੁਲਿਸ ਨੇ ਸੂਚਨਾ ਦਿੱਤੀ ਸੀ ਕਿ ਇਹ ਦੋਵੇਂ ਨਿਹੰਗ ਸੁਰਸਿੰਘ ਦੇ ਡੇਰੇ ਵਿਚ ਆਏ ਹਨ।

ਤਰਨਤਾਰਨ ਪੁਲਿਸ ਨੇ ਉੱਥੇ ਤਲਾਸ਼ੀ ਮੁਹਿੰਮ ਚਲਾਈ ਪਰ ਇਹ ਲੰਘੀ ਰਾਤ ਹੀ ਉਥੋਂ ਨਿਕਲ ਗਏ ਸਨ। ਐਤਵਾਰ ਨੂੰ ਥਾਣਾ ਭਿੱਖੀਵਿੰਡ ਦੇ ਹੈੱਡ ਕਾਂਸਟੇਬਲ ਜਿਸ ਦੀ ਹਾਦਸੇ ਵਿਚ ਮੌਤ ਹੋ ਗਈ ਸੀ ਦੀ ਅੰਤਮ ਅਰਦਾਸ ’ਤੇ ਗਏ ਥਾਣਾ ਭਿੱਖੀਵਿੰਡ ਦੇ ਮੁਖੀ ਸਰਬਜੀਤ ਸਿੰਘ ਨੂੰ ਸੂਚਨਾ ਮਿਲੀ ਕਿ ਦੋਵੇਂ ਨਿਹੰਗ ਸੁਰਸਿੰਘ ਦੇ ਬਾਹਰਵਾਰ ਦਿਖਾਈ ਦਿੱਤੇ ਹਨ, ਜਿਨ੍ਹਾਂ ਕੋਲ ਦੋ ਕਿਰਪਾਨਾਂ ਤੇ ਇਕ ਖੰਡਾ ਹੈ। ਸਰਬਜੀਤ ਸਿੰਘ ਤੋਂ ਇਲਾਵਾ ਥਾਣਾ ਖੇਮਕਰਨ ਦੇ ਮੁਖੀ ਨਰਿੰਦਰ ਸਿੰਘ ਢੋਟੀ ਅਤੇ ਥਾਣਾ ਖੇਮਕਰਨ ਦੇ ਮੁਖੀ ਬਲਵਿੰਦਰ ਸਿੰਘ ਬਿਨਾ ਸੁਰੱਖਿਆ ਦਸਤੇ ਦੇ ਉਨ੍ਹਾਂ ਨੂੰ ਫੜਨ ਲਈ ਨਿਕਲੇ ਪਰ ਉਕਤ ਨਿਹੰਗਾਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਜਿਸ ਦੌਰਾਨ ਨਰਿੰਦਰ ਸਿੰਘ ਢੋਟੀ ਦਾ ਗੁੱਟ ਬੁਰੀ ਤਰ੍ਹਾਂ ਨਾਲ ਵੱਢਿਆ ਗਿਆ ਜਦੋਂਕਿ ਬਲਵਿੰਦਰ ਸਿੰਘ ਦਾ ਹੱਥ ਵੀ ਜ਼ਖ਼ਮੀ ਹੋ ਗਿਆ।

ਹਮਲਾ ਕਰਨ ਤੋਂ ਬਾਅਦ ਦੋਵੇਂ ਵਿਅਕਤੀ ਸੂਏ ਦੀ ਪੱਟੜੀ ’ਤੇ ਭੱਜ ਨਿਕਲੇ ਤਾਂ ਸਰਬਜੀਤ ਸਿੰਘ ਨੇ ਇਸ ਦੀ ਸੂਚਨਾ ਡੀਐੱਸਪੀ ਭਿੱਖੀਵਿੰਡ ਰਾਜਬੀਰ ਸਿੰਘ ਨੂੰ ਦਿੱਤੀ ਜਿਸ ਦੇ ਚਲਦਿਆਂ ਡੀਐੱਸਪੀ ਨੇ ਅੱਗੇ ਨਾਕੇਬੰਦੀ ਕਰ ਦਿੱਤੀ ਪਰ ਦੋਵਾਂ ਨਿਹੰਗਾਂ ਨੇ ਉਨ੍ਹਾਂ ਦੀ ਗੱਡੀ ਉੱਪਰ ਵੀ ਹਮਲਾ ਕਰਨ ਦਾ ਯਤਨ ਕੀਤਾ, ਜਿਸ ’ਤੇ ਡੀਐੱਸਪੀ ਰਾਜਬੀਰ ਸਿੰਘ ਨੇ ਗੋਲ਼ੀ ਚਲਾਈ ’ਤੇ ਦੋਵਾਂ ਨਿਹੰਗਾਂ ਦੀ ਮੌਤ ਹੋ ਗਈ। ਐੱਸਐੱਸਪੀ ਨਿੰਬਾਲੇ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਨਾਂਦੇੜ ਨਾਲ ਸਬੰਧ ਰੱਖਦੇ ਸਨ ਅਤੇ ਇਨ੍ਹਾਂ ਖ਼ਿਲਾਫ਼ ਹੱਤਿਆ ਤੋਂ ਇਲਾਵਾ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜਾਂ ਨਹੀਂ ਇਸ ਦਾ ਰਿਕਾਰਡ ਉੱਥੋਂ ਦੀ ਪੁਲਿਸ ਕੋਲੋਂ ਲਿਆ ਜਾ ਰਿਹਾ ਹੈ।