ਬੈਂਕ ਕਲਰਕ ਵਲੋਂ ਇਕੋ ਹੀ ਲੜਕੀ ਨਾਲ 4 ਵਾਰ ਵਿਆਹ ‘ਤੇ 3 ਵਾਰ ਤਲਾਕ, ਜਾਣੋ ਮਾਜਰਾ

by vikramsehajpal

ਤਾਈਪੇ (ਦੇਵ ਇੰਦਰਜੀਤ)- ਦਫ਼ਤਰੋਂ ਛੁੱਟੀਆਂ ਲੈਣ ਲਈ ਲੋਕ ਕਿਵੇਂ-ਕਿਵੇਂ ਦੇ ਬਹਾਨੇ ਬਣਾ ਸਕਦੇ ਹਨ, ਇਸ ਦਾ ਇਕ ਬੇਹੱਦ ਅਨੋਖਾ ਨਮੂਨਾ ਦਿਸਿਆ ਤਾਈਵਾਨ 'ਚ, ਜਿੱਥੇ ਇਕ ਬੈਂਕ ਕਲਰਕ ਨੇ ਇੱਕੋ ਹੀ ਲੜਕੀ ਨਾਲ ਵਿਆਹ ਲਈ 4 ਵਾਰ ਛੁੱਟੀ ਲਈ। ਸਿਰਫ਼ 37 ਦਿਨਾਂ ਦੇ ਅੰਦਰ ਇਸ ਸ਼ਖ਼ਸ ਨੇ ਆਪਣੀ ਪਤਨੀ ਨੂੰ 3 ਵਾਰ ਤਲਾਕ ਦਿੱਤਾ ਤੇ ਫਿਰ ਵਿਆਹ ਕਰ ਲਿਆ। ਇਸ ਤਰ੍ਹਾਂ ਵਿਆਹ ਦੇ ਨਾਂ 'ਤੇ ਉਸ ਨੇ 4 ਵਾਰ ਛੁੱਟੀਆਂ ਲੈ ਲਈਆਂ।

ਦਰਅਸਲ ਤਾਈਪੇ ਦੇ ਇਕ ਬੈਂਕ 'ਚ ਬਤੌਰ ਕਲਰਕ ਕੰਮ ਕਰ ਰਹੇ ਸ਼ਖ਼ਸ ਨੇ ਜਦੋਂ ਵਿਆਹ ਲਈ ਛੁੱਟੀ ਮੰਗੀ ਤਾਂ ਉਸ ਦੀ ਸਿਰਫ਼ 8 ਦਿਨਾਂ ਦੀ ਛੁੱਟੀ ਅਪਰੂਵ ਹੋਈ। ਇਸ ਨਾਲ ਉਹ ਕਾਫੀ ਨਿਰਾਸ਼ ਹੋ ਗਿਆ ਤੇ ਜ਼ਿਆਦਾ ਛੁੱਟੀ ਲਈ ਇਕ ਅਨੋਖਾ ਤਰੀਕਾ ਅਪਨਾਇਆ। ਉਸ ਨੇ ਦਫ਼ਤਰ 'ਚ ਦੱਸਿਆ ਕਿ ਉਸ ਦਾ ਤਲਾਕ ਹੋ ਗਿਆ ਹੈ ਤੇ ਦੁਬਾਰਾ ਵਿਆਹ ਕਰਨ ਜਾ ਰਿਹਾ ਹੈ। ਇਸ ਤਰ੍ਹਾਂ ਉਸ ਨੂੰ ਫਿਰ 8 ਦਿਨਾਂ ਦੀ ਛੁੱਟੀ ਮਿਲ ਗਈ। ਪਰ ਉਸ ਨੂੰ ਇਸ ਨਾਲ ਵੀ ਸਬਰ ਨਾ ਆਇਆ ਤੇ ਉਸ ਨੇ ਇਹੀ ਤਰੀਕਾ 4 ਵਾਰ ਅਪਨਾਇਆ। ਮੁਲਜ਼ਮ ਨੇ ਹਰ ਵਾਰ ਬੈਂਕ ਤੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਵਿਆਹ ਲਈ ਛੁੱਟੀ ਅਪਲਾਈ ਕੀਤੀ। ਉਸ ਨੇ ਅਜਿਹਾ ਲਗਾਤਾਰ ਚਾਰ ਵਾਰ ਕੀਤਾ ਤੇ ਤਿੰਨ ਵਾਰ ਤਲਾਕ ਦਿੱਤਾ। ਜਦੋਂ ਬੈਂਕ ਨੂੰ ਉਸ ਦੀ ਕਹਾਣੀ 'ਤੇ ਸ਼ਕ ਹੋਇਆ ਤਾਂ ਹਕੀਕਤ ਸਾਹਮਣੇ ਆਈ। ਇਸ ਵਾਰ ਬੈਂਕ ਨੇ ਪੇਡ ਲੀਵ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਮਾਮਲਾ ਕੋਰਟ 'ਚ ਪਹੁੰਚ ਗਿਆ।

ਮੁਲਜ਼ਮ ਨੇ ਬੈਂਕ ਖ਼ਿਲਾਫ਼ ਤਾਈਪੇ ਸਿਟੀ ਲੇਬਰ ਬਿਊਰੋ 'ਚ ਸ਼ਿਕਾਇਤ ਦਰਜ ਕੀਤੀ ਜਿਸ ਦੇ ਆਧਾਰ 'ਤੇ ਬਿਊਰੋ ਨੇ ਬੈਂਕ 'ਤੇ ਕਰੀਬ 700 ਡਾਲਰ ਦਾ ਜੁਰਮਾਨਾ ਵੀ ਲਗਾਇਆ। ਹਾਲਾਂਕਿ, ਬੈਂਕ ਨੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਦਾਇਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮ ਵੱਲੋਂ ਮੰਗੀਆਂ ਗਈਆਂ ਛੁੱਟੀਆਂ ਲੇਬਰ ਸਟੈਂਡਰਡ ਐਕਟ ਤਹਿਤ ਨਹੀਂ ਹਨ। ਓਧਰ ਲੇਬਰ ਕਮਿਸ਼ਨਰ ਨੇ ਵੀ ਮੰਨਿਆ ਕਿ ਬੈਂਕ ਕਲਰਕ ਨੇ ਛੁੱਟੀ ਲਈ ਜੋ ਕੀਤਾ ਹੈ, ਉਹ ਗ਼ਲਤ ਹੈ। ਪਰ ਲੇਬਰ ਐਕਟ 'ਚ ਅਜਿਹੀ ਕੋਈ ਵਿਵਸਥਾ ਨਹੀਂ ਹੈ ਜਿਹੜੀ ਕਿਸੇ ਨੂੰ ਛੁੱਟੀ ਲੈਣ ਲਈ ਇੱਕੋ ਲੜਕੀ ਨਾਲ ਦੁਬਾਰਾ ਵਿਆਹ ਕਰਨ ਤੋਂ ਰੋਕਦਾ ਹੋਵੇ।

More News

NRI Post
..
NRI Post
..
NRI Post
..