ਚੰਡੀਗੜ੍ਹ (ਦੇਵ ਇੰਦਰਜੀਤ)- ਭਾਰਤੀ ਫੌਜ ਨੇ ਹੁਣ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੀ ਮਦਦ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਨੂੰ ਜੰਗ ਵਰਗੀ ਸਥਿਤੀ ਦੱਸਦਿਆਂ ਭਾਰਤੀ ਫੌਜ ਨੂੰ ਸਹਾਇਤਾ ਦੀ ਅਪੀਲ ਕੀਤੀ। ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਅੱਜ ਮੈਡੀਕਲ ਸੇਵਾਵਾਂ ਦੇਣ ਸਮੇਤ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਹੈ ਜਿਸ ’ਚ ਪੰਜਾਬ ਵਿੱਚ ਬੰਦ ਪਏ ਪੁਰਾਣੇ ਆਕਸੀਜਨ ਪਲਾਟਾਂ ਨੂੰ ਸੁਰਜੀਤ ਕਰਨਾ ਵੀ ਸ਼ਾਮਿਲ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਪੰਜਾਬ ’ਚ ਲੌਕਡਾਊਨ ਲਗਾਏ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
ਪੱਛਮੀ ਕਮਾਂਡ ਦੇ ਜੀਓਸੀ-ਇਨ-ਸੀ ਲੈਫਟੀਨੈਂਟ ਜਨਰਲ ਆਰਪੀ ਸਿੰਘ ਨੇ ਸੀਨੀਅਰ ਕਮਾਂਡ ਅਧਿਕਾਰੀਆਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਵਰਚੁਅਲ ਮੀਟਿੰਗ ਦੌਰਾਨ ਪ੍ਰਸਤਾਵਿਤ 100 ਬੈੱਡਾਂ ਵਾਲੇ ਕੋਵਿਡ ਸੈਂਟਰ ਨੂੰ ਚਲਾਉਣ ਲਈ ਸਟਾਫ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਵੀ ਕੀਤੀ। ਫ਼ੌਜ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਨੂੰ ਹਰ ਸੰਭਵ ਸਹਾਇਤਾ ਦੇਣਗੇ। ਲੈਫਟੀਨੈਂਟ ਜਨਰਲ ਆਰਪੀ ਸਿੰਘ ਨੇ ਦੱਸਿਆ ਕਿ ਕਮਾਂਡ ਸੈਂਟਰ ਵੱਲੋਂ ਤਕਨੀਕੀ ਅਤੇ ਮਾਹਿਰਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸ਼ਹਿਰੀ ਅਮਲੇ ਦੀ ਸਹਾਇਤੀ ਲਈ 15 ਸਿਖਲਾਈ ਪ੍ਰਾਪਤ ਨਰਸਾਂ ਨੂੰ ਪਹਿਲਾਂ ਹੀ ਪਟਿਆਲਾ ਭੇਜਿਆ ਗਿਆ ਹੈ। ਇਸੇ ਤਰ੍ਹਾਂ ਮਾਹਿਰਾਂ ਨੂੰ ਮੌਜੂਦਾ ਉਦਯੋਗਿਕ ਇਕਾਈਆਂ ’ਚ ਬੰਦ ਪਏ ਆਕਸੀਜਨ ਪਲਾਂਟਾਂ ਦਾ ਦੌਰਾ ਕਰਨ ਲਈ ਭੇਜਿਆ ਜਾਵੇਗਾ।



