ਬੁਢਲਾਡਾ (ਕਰਨ) - ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਅਰੰਭਿਆ ਕਿਸਾਨਾਂ ਦਾ ਧਰਨਾ ਅੱਜ 222 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।
ਅੱਜ ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਜਥੇਦਾਰ ਜਵਾਲਾ ਸਿੰਘ ਗੁਰਨੇ ਖੁਰਦ , ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਆਗੂ ਜਸਵੰਤ ਸਿੰਘ ਬੀਰੋਕੇ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਵੀਰ ਸਿੰਘ ਗੁਰਨੇ ਖੁਰਦ ਨੇ ਇਸ ਮੌਕੇ 'ਤੇ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਦੇਸ਼ ਅੰਦਰ ਪੁਰਾਣੇ ਕਾਨੂੰਨਾਂ ਵਿੱਚ ਸੋਧ ਕਰਕੇ ਵੱਡੇ ਕਾਰਪੋਰੇਟਾਂ , ਪੂੰਜੀਪਤੀਆਂ , ਸਰਮਾਏਦਾਰਾਂ ,ਅਜ਼ਾਰੇਦਾਰਾਂ ਦੇ ਹੱਕ ਵਿੱਚ ਕਾਨੂੰਨ ਬਣਾਉਣੇ ਆਰੰਭੇ ਹੋਏ ਹਨ। ਕੋਇਲੇ ਦੀਆਂ ਖਾਣਾਂ ਦਾ ਨਿੱਜੀਕਰਨ ਕਰਨਾ , ਕੁੱਦਰਤੀ ਸੋਮਿਆਂ ਦੀ ਲੁੱਟ ਕਰਨੀ , ਆਦੀਵਾਸੀ ਲੋਕਾਂ ਦੀਆਂ ਜਮੀਨਾਂ ਖੋਹ ਕੇ ਪੂੰਜੀਪਤੀਆਂ ਦੇ ਕਬਜੇ ਕਰਵਾਉਣੇ ,ਜਨਤਕ ਅਦਾਰਿਆਂ ਨੂੰ ਵੱਡੇ ਪੂੰਜੀਪਤੀਆਂ ਕੋਲ ਕੌਡੀਆਂ ਦੇ ਭਾਅ ਤੇਜ਼ੀ ਨਾਲ ਵੇਚਣਾ ਅਰੰਭਿਆ ਹੋਇਆ ਹੈ ।
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਲਾਗੂ ਹੋਣ ਨਾਲ ਅਤੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇਸ਼ ਅਤੇ ਦੇਸ਼ ਵਾਸੀਆਂ ਲਈ ਬੇਹੱਦ ਖਤਰਨਾਕ ਸਾਬਤ ਹੋਣਗੀਆਂ ਜਿਸ ਨਾਲ ਜਨਤਾ ਦਾ ਮਾਣ ਸਨਮਾਨ , ਦੇਸ਼ ਆਰਥਿਕਤਾ ਨੂੰ ਵੱਡੀ ਸੱਟ ਵੱਜੇਗੀ। ਭੁੱਖਮਰੀ , ਬੇਰੁਜ਼ਗਾਰੀ, ਕੰਗਾਲੀ ਆਦਿ ਵਿੱਚ ਬੇਸ਼ੁਮਾਰ ਵਾਧਾ ਹੋਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਚੱਲ ਰਹੇ ਅੰਦੋਲਨ ਨੂੰ ਸ਼ਿਰਫ ਕਿਸਾਨ ਅੰਦੋਲਨ ਸਮਝਣਾ ਇੱਕ ਇਤਿਹਾਸਿਕ ਗਲਤੀ ਹੋਵੇਗਾ। ਇਸ ਅੰਦੋਲਨ ਦੀਆਂ ਤੰਦਾਂ ਹਰ ਦੇਸ਼ ਵਾਸੀ ਅਤੇ ਹਰ ਇੱਕ ਕਾਰੋਬਾਰ ਨਾਲ ਜੁੜਨ ਕਰਕੇ ਇਸ ਅੰਦੋਲਨ ਦਾ ਮਹੱਤਵ ਬਹੁਤ ਜਿਆਦਾ ਹੈ। ਜੇਕਰ ਇਸਦਾ ਮੁਕਾਬਲਾ ਸਾਰੇ ਦੇਸ਼ ਵਾਸੀਆਂ ਨੇ ਇੱਕਜੁੱਟ ਹੋ ਕੇ ਨਾ ਕੀਤਾ ਤਾਂ ਭਾਰਤ ਦੇਸ਼ ਇੱਕ ਡੂੰਘੀ ਖਾਈ ਵਿੱਚ ਜਾ ਡਿੱਗੇਗਾ।
ਇਕੱਠ ਨੂੰ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਗੁਰਨੇ ਕਲਾ , ਸਰੂਪ ਸਿੰਘ ਗੁਰਨੇ ਕਲਾਂ ,ਮੁਲਾਜ਼ਮਾਂ ਦੇ ਸਾਬਕਾ ਆਗ ਜਵਾਲਾ ਸਿੰਘ ਗੁਰਨੇ ਖੁਰਦ , ਬਸੰਤ ਸਿੰਘ ਸਹਾਰਨਾ , ਭੂਰਾ ਸਿੰਘ ਅਹਿਮਦਪੁਰ , ਹਾਕਮ ਸਿੰਘ ਗੁਰਨੇ ਕਲਾਂ , ਨਾਇਬ ਸਿੰਘ ਅਹਿਮਦਪੁਰ , ਰੁਮਾਲਾ ਸਿੰਘ ਬੀਰੋਕੇ , ਬਾਰੂ ਸਿੰਘ ਮੱਲ ਸਿੰਘ ਵਾਲਾ , ਅਮਰੀਕ ਸਿੰਘ ਮੰਦਰਾਂ , ਕਾਲਾ ਸਿੰਘ ਗੁਰਨੇ ਕਲਾਂ ਨੇ ਵੀ ਸੰਬੋਧਨ ਕੀਤਾ ।



