ਬੁਢਲਾਡਾ (ਕਰਨ): ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਾਮਯਾਬ ਕਿਸਾਨ ਖੁਸ਼ਹਾਲ ਕਿਸਾਨ ਮਿਸ਼ਨ ਤਹਿਤ ਵੱਖ ਵੱਖ ਸਕੀਮਾਂ ਅਧੀਨ ਖੇਤੀਬਾੜੀ ਮਸ਼ੀਨਰੀ ਸਬਸਿਡੀ ਤੇ ਦੇਣ ਲਈ 26 ਮਈ ਤੱਕ ਵਿਭਾਗ ਦੇ ਪੋਰਟਲ ਤੇ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ ਜਸਵਿੰਦਰ ਸਿੰਘ ਬਲਾਕ ਖੇਤੀਬਾਡ਼ੀ ਅਫਸਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਬੇਲਰ, ਰੇਪ, ਹੈਪੀਸੀਡਰ, ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ, ਉਲਟਾਵੇਂ ਹਲ, ਚੌਪਰ ਆਦਿ ਅਤੇ ਇਸ ਤੋਂ ਬਿਨਾਂ ਹੋਰ ਮਸ਼ੀਨਾਂ ਜਿਵੇਂ ਕਿ ਸਪਰੇਅਰ, ਕਪਾਹ, ਮੱਕੀ ਬੀਜਣ ਵਾਲੇ ਨਿਊਮੈਟਿਕ ਪਲਾਂਟਰ, ਮਲਟੀ ਕਰਾਪ ਪਲਾਂਟਰ, ਆਲੂ ਬੀਜਣ ਅਤੇ ਪੁੱਟਣ ਵਾਲੀਆਂ ਮਸ਼ੀਨਾਂ ਅਤੇ ਲੇਜ਼ਰ ਲੈਵਲਰ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨੂੰ ਸਬਸਿਡੀ ਤੇ ਲੈਣ ਲਈ ਅੰਤਿਮ ਮਿਤੀ 26 ਮਈ ਰੱਖੀ ਗਈ ਹੈ। ਅੰਤਿਮ ਮਿਤੀ ਤੋਂ ਬਾਅਦ ਪ੍ਰਾਪਤ ਅਰਜ਼ੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਸ਼ੀਨਾਂ ਦਾ ਵੇਰਵਾ ਵਿਭਾਗ ਦੇ ਪੋਰਟਲ ਉਤੇ ਉਪਲਬਧ ਹੈ ਅਤੇ ਬਿਨੈਕਾਰ ਵੱਲੋਂ ਭਰੀ ਜਾਣ ਵਾਲੀ ਸਵੈ ਘੋਸ਼ਣਾ ਵੀ ਪੋਰਟਲ ਤੇ ਉਪਲਬਧ ਹੈ। ਰਜਿਸਟਰ ਕਰਨ ਸਮੇਂ ਕਿਸਾਨ ਪਾਸ ਆਧਾਰ ਕਾਰਡ, ਫੋਟੋ, ਸਵੈ ਘੋਸ਼ਣਾ ਪੱਤਰ ਅਤੇ ਅਨੁਸੂਚਿਤ ਜਾਤੀ ਜਾਂ ਸਰਟੀਫਿਕੇਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਹੋਰ ਸੰਸਥਾਵਾਂ ਦੇ ਮੁਖੀ ਅਤੇ ਦੋ ਹੋਰ ਮੈਂਬਰਾਂ ਦਾ ਆਧਾਰ ਕਾਰਡ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅਰਜ਼ੀ ਪ੍ਰਾਪਤ ਹੋਣ ਉਪਰੰਤ ਗਾਈਡਲਾਈਨਾਂ ਦੇ ਮੁਤਾਬਿਕ ਯੋਗ ਬਿਨੈਕਾਰਾਂ ਨੂੰ ਮਸ਼ੀਨ ਲੈਣ ਲਈ ਮਨਜ਼ੂਰੀ ਪੱਤਰ ਉਨ੍ਹਾਂ ਦੇ ਮੋਬਾਇਲ ਰਾਹੀਂ ਮਿਲੇਗਾ। ਜਿਸ ਉਪਰੰਤ ਕਿਸਾਨ ਪੋਰਟਲ ਵਿਚ ਦਰਜ਼ ਕਿਸੇ ਵੀ ਮੈਨੂਫੈਕਚਰਰ ਜਾ ਸਪਲਾਇਰ ਤੋਂ ਮਸ਼ੀਨ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲੈਣ ਲਈ ਬਲਾਕ ਖੇਤੀਬਾੜੀ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।



