ਪੰਜਾਬ ‘ਚ ਵੈਕਸੀਨ ਖ਼ਤਮ ਚੌਥੇ ਦਿਨ ਵੀ ਕੇਂਦਰ ਤੋਂ ਵੈਕਸੀਨ ਨਹੀਂ ਮਿਲੀ…!

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਵੈਕਸੀਨ ਲੈਣ ਲਈ ਗਲੋਬਲ ਟੈਂਡਰ ਲਗਾਉਣ ਦੀ ਗੱਲ ਕਰ ਰਹੀ ਹੈ ਅਤੇ ਨਾਲ ਹੀ ਉਹ ਕੁੱਝ ਹੋਰ ਕੰਪਨੀਆਂ ਤੋਂ ਵੀ ਵੈਕਸੀਨ ਦੀ ਖ਼ਰੀਦ ਲਈ ਗੱਲਬਾਤ ਕਰ ਰਹੀ ਹੈ।ਕੇਂਦਰ ਸਰਕਾਰ ਨੇ ਪੰਜਾਬ ਨੂੰ ਚੌਥੇ ਦਿਨ ਵੀ ਕੋਵਿਡ ਵੈਕਸੀਨ ਨਹੀਂ ਭੇਜੀ, ਜਿਸ ਕਾਰਨ ਸੂਬੇ ਦੇ ਸਰਕਾਰੀ ਸਿਹਤ ਕੇਂਦਰਾਂ ’ਚ ਟੀਕਾਕਰਨ ਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਵੈਕਸੀਨ ਨਾ ਮਿਲਣ ਕਾਰਨ ਸ਼ੁੱਕਰਵਾਰ ਤੋਂ ਹੀ ਟੀਕਾਕਰਨ ਲਗਾਉਣ ਵਾਲੇ ਸੈਂਟਰ ਬੰਦ ਪਏ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕੇਂਦਰ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ ਕਿ ਉਹ ਵੈਕਸੀਨ ਦੀ ਸਪਲਾਈ ਕਰੇ ਪਰ ਉਸ ਦੇ ਬਾਵਜੂਦ ਵੈਕਸੀਨ ਨਹੀਂ ਆ ਰਹੀ ਹੈ।

ਕੈਪਟਨ ਅਮਰਿੰਦਰ ਸਰਕਾਰ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਵੀ ਇਸ ਸਬੰਧ ’ਚ ਪੱਤਰ ਲਿਖਿਆ ਸੀ ਅਤੇ ਮੰਗ ਕੀਤੀ ਸੀ ਕਿ ਪੰਜਾਬ ਨੂੰ ਰੋਜ਼ਾਨਾ 4 ਲੱਖ ਵੈਕਸੀਨ ਦੀ ਲੋੜ ਹੈ। ਪਿਛਲੇ ਮਹੀਨੇ ਵੈਕਸੀਨ ਦੀ ਸਪਲਾਈ ਮੱਠੀ ਰਫ਼ਤਾਰ ਨਾਲ ਹੁੰਦੀ ਰਹੀ ਪਰ ਮਈ ਮਹੀਨੇ ’ਚ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਕੋਵਿਡ ਟੀਕਾਕਰਨ ਦਾ ਮਾਮਲਾ ਪੂਰੀ ਤਰ੍ਹਾਂ ਸੂਬਾ ਸਰਕਾਰਾਂ ’ਤੇ ਛੱਡ ਦਿੱਤਾ ਹੈ।

ਕੁੱਝ ਲੋਕਾਂ ਨੇ ਵੈਕਸੀਨ ਦਾ ਇਕ ਟੀਕਾ ਲਗਵਾਇਆ ਹੋਇਆ ਹੈ ਅਤੇ ਹੁਣ ਉਨ੍ਹਾਂ ਦਾ ਸਮਾਂ ਦੂਜਾ ਟੀਕਾ ਲਗਵਾਉਣ ਦਾ ਹੋ ਗਿਆ ਹੈ। 45 ਸਾਲ ਉਮਰ ਤੋਂ ਉਪਰ ਵਾਲੇ ਲੋਕ ਟੀਕਾ ਲਗਵਾਉਣ ਲਈ ਤਿਆਰ ਹਨ ਪਰ ਸੈਂਟਰ ਡ੍ਰਾਈ ਹੋਣ ਕਾਰਨ ਉਨ੍ਹਾਂ ਨੂੰ ਟੀਕਾ ਨਹੀਂ ਲਗ ਰਿਹਾ। ਕੁੱਲ ਮਿਲਾ ਕੇ ਅਜੇ ਅਧਿਕਾਰੀ ਇਹ ਦੱਸਣ ਦੀ ਸਥਿਤੀ ’ਚ ਨਹੀਂ ਹਨ ਕਿ ਵੈਕਸੀਨ ਦੀ ਸਪਲਾਈ ਕੇਂਦਰ ਤੋਂ ਕਦੋਂ ਹੋਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਜਲਦ ਤੋਂ ਜਲਦ ਵੈਕਸੀਨ ਦੀ ਖਰੀਦ ਨੂੰ ਯਕੀਨੀ ਬਣਾਉਣ ਕਿਉਂਕਿ ਕੋਰੋਨਾ ਮਹਾਮਾਰੀ ਦਾ ਪ੍ਰਸਾਰ ਰੋਕਣ ’ਚ ਸਿਰਫ ਵੈਕਸੀਨ ਹੀ ਸਹਾਇਕ ਸਿੱਧ ਹੋ ਸਕਦੀ ਹੈ। ਸੂਬੇ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਵੀ ਲਗਾਤਾਰ ਕੇਂਦਰ ਸਰਕਾਰ ਨਾਲ ਸੰਪਰਕ ਬਣਾਇਆ ਹੋਇਆ ਹੈ ਤਾਂ ਕਿ ਕੇਂਦਰ ਤੋਂ ਵੈਕਸੀਨ ਪ੍ਰਾਪਤ ਕਰ ਕੇ ਟੀਕਾਕਰਨ ਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ।

More News

NRI Post
..
NRI Post
..
NRI Post
..