ਕੋਰੋਨਾ ਨੂੰ ਲੈ ਚੀਨ ਅਮਰੀਕਾ ਇਕ ਵਾਰ ਫੇਰ ਆਮਨੇ-ਸਾਮਣੇ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) : ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ’ਤੇ ਸਿੱਧੇ ਤੌਰ ’ਤੇ ਕੋਰੋਨਾ ਦੀ ਲਾਗ ਫੈਲਾਉਣ ਦਾ ਦੋਸ਼ ਲਾਇਆ ਸੀ ਅਤੇ ਇਸ ਦੇ ਨਤੀਜੇ ਵਜੋਂ ਉਸ ਨੂੰ ਇਸ ਦੇ ਨਤੀਜੇ ਭੁਗਤਣ ਦੀ ਚੇਤਾਵਨੀ ਵੀ ਦਿੱਤੀ ਸੀ। ਫਿਰ ਨਵੰਬਰ ’ਚ ਜਦੋਂ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਹਾਰ ਦਾ ਸਾਹਮਣਾ ਕਰਨਾ ਪਿਆ, ਤਾਂ ਕੋਰੋਨਾ ਲਾਗ ਦਾ ਇਹ ਕੇਸ ਵੀ ਕੁਝ ਹੱਦ ਤਕ ਦੱਬ ਗਿਆ। ਇਥੇ ਇਹ ਵਰਣਨਯੋਗ ਹੈ ਕਿ ਕੋਰੋਨਾ ਦੀ ਲਾਗ ਦਾ ਪਹਿਲਾ ਕੇਸ ਦਸੰਬਰ 2019 ’ਚ ਚੀਨ ਦੇ ਵੁਹਾਨ ਸ਼ਹਿਰ ’ਚ ਸਾਹਮਣੇ ਆਇਆ ਸੀ। ਉਸ ਸਮੇਂ ਤੋਂ ਇਕ ਮੋਟੇ ਅੰਦਾਜ਼ੇ ਅਨੁਸਾਰ ਦੁਨੀਆ ਭਰ ’ਚ ਇਸ ਲਾਗ ਦੇ 16.80 ਕਰੋੜ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਅਤੇ ਘੱਟੋ-ਘੱਟ 35 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮਾਮਲਾ ਇਕ ਵਾਰ ਫਿਰ ‘ਵਾਲ ਸਟ੍ਰੀਟ ਜਰਨਲ’ ਵੱਲੋਂ ਅਮਰੀਕੀ ਖੁਫੀਆ ਰਿਪੋਰਟ ਆਉਣ ਨਾਲ ਸੁਰਖੀਆਂ ’ਚ ਆਇਆ ਹੈ। ‘ਵਾਲ ਸਟ੍ਰੀਟ ਜਰਨਲ’ ਨੇ ਅਮਰੀਕੀ ਖੁਫੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਵੁਹਾਨ ਲੈਬ ਦੇ ਤਿੰਨ ਖੋਜੀ ਸਾਲ 2019 ਨਵੰਬਰ ਮਹੀਨੇ ’ਚ ਅਜਿਹੀ ਬੀਮਾਰੀ ਨਾਲ ਜੂਝ ਰਹੇ ਸਨ, ਜਿਸ ਦੇ ਲੱਛਣ ਕੋਵਿਡ-19 ਤੇ ਆਮ ਸਰਦੀ, ਜ਼ੁਕਾਮ ਦੋਵਾਂ ਨਾਲ ਮੇਲ ਖਾਂਦੇ ਸਨ।

ਇਹ ਵਰਣਨਯੋਗ ਹੈ ਕਿ ਅਮਰੀਕੀ ਅਖਬਾਰ ‘ਵਾਲ ਸਟ੍ਰੀਟ ਜਰਨਲ’ ਦੀਆਂ ਖ਼ਬਰਾਂ ਅਨੁਸਾਰ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਤਿੰਨ ਖੋਜੀ ਨਵੰਬਰ 2019 ’ਚ ਬੀਮਾਰ ਪਏ ਸਨ ਤੇ ਉਨ੍ਹਾਂ ਹਸਪਤਾਲ ਦੀ ਮਦਦ ਮੰਗੀ ਸੀ। ਅਖਬਾਰ ਨੇ ਇਹ ਖ਼ਬਰ ਇਕ ਗੁਪਤ ਅਮਰੀਕੀ ਰਿਪੋਰਟ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਸੀ।

ਕੋਰੋਨਾ ਦੀ ਲਾਗ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਦੇ ਵੁਹਾਨ ਸ਼ਹਿਰ ’ਚ ਤਿੰਨ ਖੋਜੀਆਂ ਦੇ ਬੀਮਾਰ ਹੋਣ ਅਤੇ ਹਸਪਤਾਲ ਜਾਣ ਦੀਆਂ ਨੂੰ ਚੀਨ ਨੇ ‘ਪੂਰਨ ਤੌਰ ’ਤੇ ਝੂਠ’ ਕਿਹਾ ਹੈ। ਹਾਲਾਂਕਿ, ਚੀਨ ਸ਼ੁਰੂ ਤੋਂ ਹੀ ਅਜਿਹੇ ਦਾਅਵਿਆਂ ਨੂੰ ਗਲਤ ਦੱਸਦਾ ਆ ਰਿਹਾ ਹੈ ਕਿ ਵਾਇਰਸ ਆਪਣੀ ਇੱਕ ਲੈਬ ’ਚੋਂ ਲੀਕ ਹੋ ਗਿਆ ਹੈ ਅਤੇ ਆਮ ਲੋਕਾਂ ’ਚ ਫੈਲ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ 31 ਦਸੰਬਰ, 2019 ਨੂੰ ਪਹਿਲੀ ਵਾਰ ਦੱਸਿਆ ਸੀ ਕਿ ਵੁਹਾਨ ’ਚ ਨਮੂਨੀਆ ਦੇ ਮਾਮਲਿਆਂ ਵਿਚ ਅਚਾਨਕ ਵਾਧਾ ਹੋਇਆ ਹੈ ਪਰ ਇਸ ਤੋਂ ਬਾਅਦ ਕੋਰੋਨਾ ਵਾਇਰਸ ਪੂਰੀ ਦੁਨੀਆ ’ਚ ਫੈਲਦਾ ਗਿਆ।

ਇਕ ਅਨੁਮਾਨ ਅਨੁਸਾਰ ਇਸ ਵਾਇਰਸ ਕਾਰਨ ਹੁਣ ਤੱਕ 34 ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਪ੍ਰਸੰਗ ’ਚ ਜਦੋਂ ਪੱਤਰਕਾਰਾਂ ਨੇ ਪਿਛਲੇ ਸਮੇਂ ’ਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਚਾਓ ਲੀਜੀਅਨ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਅਜਿਹੀਆਂ ਖਬਰਾਂ ਨੂੰ ਝੂਠਾ ਕਰਾਰ ਦਿੱਤਾ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ‘ਚੀਨੀ ਵਾਇਰਸ’ ਅਤੇ ‘ਵੁਹਾਨ ਵਾਇਰਸ’ ਕਿਹਾ ਸੀ ਅਤੇ ਚੀਨ ਨੇ ਇਸ ’ਤੇ ਸਖਤ ਇਤਰਾਜ਼ ਜਤਾਇਆ ਸੀ। ਚੀਨ ’ਤੇ ਵੀ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਟੀਮ ਨੂੰ ਜਾਂਚ ’ਚ ਪੂਰਾ ਸਮਰਥਨ ਨਾ ਦੇਣ ਅਤੇ ਵੁਹਾਨ ਲੈਬ ਨਾਲ ਜੁੜੀ ਜਾਣਕਾਰੀ ਲੁਕਾਉਣ ਦੇ ਦੋਸ਼ ਵੀ ਲੱਗਦੇ ਰਹੇ ਹਨ। ਯੂ. ਐੱਸ. ਸੁਰੱਖਿਆ ਪ੍ਰੀਸ਼ਦ ਦੇ ਇਕ ਬੁਲਾਰੇ ਨੇ ਹਾਲਾਂਕਿ ‘ਵਾਲ ਸਟ੍ਰੀਟ ਜਰਨਲ’ ਦੀਆਂ ਖ਼ਬਰਾਂ ’ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਕਿਹਾ ਕਿ ਬਾਈਡੇਨ ਪ੍ਰਸ਼ਾਸਨ ‘ਕੋਰੋਨਾ ਵਾਇਰਸ ਦੀ ਉਤਪਤੀ ਦੀ ਜਾਂਚ ਲਈ ਗੰਭੀਰ ਹੈ।’

ਹਾਲਾਂਕਿ ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਦੀ ਇੱਕ ਟੀਮ ਮਹਾਮਾਰੀ ਨਾਲ ਜੁੜੇ ਤੱਥਾਂ ਦਾ ਪਤਾ ਲਾਉਣ ਲਈ ਵੁਹਾਨ ਗਈ ਸੀ ਪਰ ਇਸ ਦੇ ਨਾਲ ਡਬਲਯੂ. ਐੱਚ. ਓ. ਨੇ ਕਿਹਾ ਕਿ ਇਹ ਸਾਬਤ ਕਰਨ ਲਈ ਕਾਫ਼ੀ ਤੱਥ ਨਹੀਂ ਹਨ ਕਿ ਕੋਰੋਨਾ ਵਾਇਰਸ ਵੁਹਾਨ ਦੀ ਲੈਬ ਤੋਂ ਦੁਨੀਆ ’ਚ ਫੈਲਿਆ। ਇਕ ਤਾਜ਼ਾ ਬਿਆਨ ’ਚ ਬਾਈਡੇਨ ਨੇ ਯੂ. ਐੱਸ. ਖੁਫੀਆ ਏਜੰਸੀਆਂ ਨੂੰ ਕਿਹਾ ਹੈ ਕਿ ‘ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰੋ ਤੇ 90 ਦਿਨਾਂ ਦੇ ਅੰਦਰ ਇੱਕ ਰਿਪੋਰਟ ਪੇਸ਼ ਕਰੋ।’

More News

NRI Post
..
NRI Post
..
NRI Post
..