5 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਪਾਕਿਸਤਾਨ ਤੋਂ ਇੱਕ ਖਬਰ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਕ ਪਤਾ ਲਗਾ ਹੈ ਕਿ ਪਾਕਿਸਤਾਨ ਸਰਕਾਰ ਨੇ ਅੱਜ ਹਿਰਾਸਤ ਵਿੱਚ ਮਸੂਦ ਅਜ਼ਹਰ ਦੇ ਭਰਾ ਅਬਦੁਲ ਰਊਫ਼ ਅਸਗ਼ਰ ਸਮੇਤ 43 ਅੱਤਵਾਦੀਆਂ ਨੂੰ ਗਿਰਫ਼ਤਾਰ ਕੀਤਾ ਹੈ | ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਇਸ ਰਿਪੋਰਟ ਦਾ ਖੁਲਾਸਾ ਕੀਤਾ ਹੈ | ਇਸ ਤੋਂ ਪਹਿਲਾਂ ਇੱਕ ਉੱਚ–ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸੂਬਾ ਸਰਕਾਰਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ ਤੇ ਉਸੇ ਵਿੱਚ ਇਸ ਕਾਰਵਾਈ ਬਾਰੇ ਫ਼ੈਸਲਾ ਹੋਇਆ।
ਰਾਸ਼ਟਰੀ ਸੁਰੱਖਿਆ ਕਮੇਟੀ (NSC) ਨੇ ਆਪਣੀ ਮੀਟਿੰਗ ਵਿੱਚ ਜਾਂਚ ਲਈ ਅਜਿਹੀਆਂ ਹਿਰਾਸਤਾਂ ਦੀ ਲੋੜ ਮਹਿਸੂਸ ਕੀਤੀ। ਅਜਿਹੇ ਸਾਰੇ ਅਨਸਰਾਂ ਵਿਰੁੱਧ ਤੇਜ਼ੀ ਨਾਲ ਲੋੜੀਂਦੀ ਕਾਰਵਾਈ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ।
.jpg)
ਬੀਤੀ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼–ਏ–ਮੁਹੰਮਦ ਦੇ ਦਹਿਸ਼ਤਗਰਦ ਸਿਖਲਾਈ ਕੈਂਪਾਂ ਉੱਤੇ ਹਵਾਈ ਹਮਲੇ ਕੀਤੇ ਸਨ। ਉਸ ਤੋਂ ਬਾਅਦ ਅਮਰੀਕਾ ਸਮੇਤ ਹੋਰ ਵੀ ਬਹੁਤ ਸਾਰੇ ਦੇਸ਼ਾਂ ਨੇ ਭਾਰਤ ਦੀ ਹਮਾਇਤ ਕਰਦਿਆਂ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਲਈ ਦਬਾਅ ਪਾਇਆ। ਉਸੇ ਦਬਾਅ ਦੇ ਚੱਲਦਿਆਂ ਅੱਜ ਪਾਕਿਸਤਾਨ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ਹਿਰਯਾਰ ਅਫ਼ਰੀਦੀ ਨੇ ਹਿਰਾਸਤ ਵਿੱਚ ਲਏ ਵਿਅਕਤੀਆਂ ਦੇ ਨਾਂਅ ਜੱਗ–ਜ਼ਾਹਿਰ ਕਰਨ ਤੋਂ ਇਨਕਾਰ ਕੀਤਾ ਤੇ ਉਨ੍ਹਾਂ ਕਿਹਾ ਕਿ ਹਿਰਾਸਤ ਵਿੱਚ ਲਏ ਵਿਅਕਤੀਆਂ ਦੀ ਪਹਿਲਾਂ ਜਾਂਚ ਹੋਵੇਗੀ ਤੇ ਇਹ ਪਤਾ ਲਾਇਆ ਜਾਵੇਗੀ ਕਿ ਕੀ ਉਹ ਅਸਲ ਵਿੱਚ ਦਹਿਸ਼ਤਗਰਦ ਗਤੀਵਿਧੀਆਂ ਵਿੱਚ ਸ਼ਾਮਲ ਹਨ ਜਾਂ ਨਹੀਂ।ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਅਗਲੇ ਦੋ ਹਫ਼ਤੇ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਜਾਂ ਜੱਥੇਬੰਦੀ ਦੇ ਦਹਿਸ਼ਤਗਰਦ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਉਸ ਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ।




