ਪੰਜਾਬ ‘ਚ ‘ਕੋਵੀਸ਼ੀਲਡ ਵੈਕਸੀਨ ਦੀ ਘਾਟ ਜਲਦ ਪੂਰੀ ਕਰੇ ਕੇਂਦਰ : ਕੈਪਟਨ ਅਮਰਿੰਦਰ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਮੌਜੂਦਾ ਸਮੇਂ ਵਿਚ ਟੀਕਾਕਰਨ ਲਈ ਪੰਜਾਬ ਦੀ ਯੋਗ ਆਬਾਦੀ ਦੇ 4.8 ਫ਼ੀਸਦੀ ਹਿੱਸੇ ਦਾ ਮੁਕੰਮਲ ਟੀਕਾਕਰਨ ਹੋ ਚੁੱਕਿਆ ਹੈ ਅਤੇ ਜ਼ਿਲ੍ਹਾ ਮੋਹਾਲੀ ਪਹਿਲੀਆਂ ਅਤੇ ਦੂਜੀਆਂ ਖ਼ੁਰਾਕਾਂ ਲਗਾਉਣ ਵਿਚ ਮੋਹਰੀ ਹੈ। ਕੋਵਿਡ ਸਮੀਖਿਆ ਵਰਚੁਅਲ ਮੀਟਿੰਗ ਦੌਰਾਨ ਪੰਜਾਬ ਵਿਚ ਟੀਕਾਕਰਨ ਦੀ ਪ੍ਰਗਤੀ ਅਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਪਾਇਆ ਕਿ ਸੂਬਾ ਸਰਕਾਰ ਪਹਿਲਾਂ ਹੀ 62 ਲੱਖ ਤੋਂ ਜ਼ਿਆਦਾ ਯੋਗ ਵਿਅਕਤੀਆਂ ਨੂੰ ਟੀਕੇ ਲਗਾ ਚੁੱਕੀ ਹੈ ਅਤੇ ਬਿਨਾਂ ਕਿਸੇ ਬਰਬਾਦੀ ਤੋਂ ਸਟਾਕ ਦੀ ਵਰਤੋਂ ਕਰ ਰਹੀ ਹੈ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਕੋਵਿਡ ਵੈਕਸੀਨ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ ਹੈ। ਸੂਬੇ ਵਿਚ ਇਸ ਸਮੇਂ ਕੋਵੀਸ਼ੀਲਡ ਟੀਕਿਆਂ ਦੀ ਘਾਟ ਅਤੇ ਕੋਵੈਕਸੀਨ ਦੀਆਂ ਸਿਰਫ਼ 1,12,821 ਖ਼ੁਰਾਕਾਂ ਉਪਲੱਬਧ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵੈਕਸੀਨ ਉਪਲੱਬਧ ਹੋਣ ਨਾਲ ਪੰਜਾਬ ਸਰਕਾਰ ਅਗਲੇ ਦੋ ਮਹੀਨਿਆਂ ਵਿਚ ਸਾਰੇ ਯੋਗ ਵਿਅਕਤੀਆਂ ਨੂੰ ਟੀਕੇ ਦੀ ਪਹਿਲੀ ਡੋਜ਼ ਲਗਾਉਣ ਦੇ ਟੀਚੇ ਨਾਲ ਅੱਗੇ ਵੱਧ ਰਹੀ ਹੈ, ਜਿਸ ਤੋਂ ਬਾਅਦ ਸਮਾਂ-ਸੂਚੀ ਅਨੁਸਾਰ ਟੀਕੇ ਦੀ ਦੂਜੀ ਖ਼ੁਰਾਕ ਦਿੱਤੀ ਜਾਵੇਗੀ।

ਵੈਕਸੀਨ ਦੀ ਕਮੀ ਦੇ ਮੁੱਦੇ ਨੂੰ ਤੁਰੰਤ ਕੇਂਦਰੀ ਸਿਹਤ ਮੰਤਰੀ ਦੇ ਸਾਹਮਣੇ ਉਠਾਉਣਗੇ ਅਤੇ ਲੋੜ ਪੈਣ ’ਤੇ ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਇਹ ਮੁੱਦਾ ਉਠਾਉਣਗੇ। ਪੰਜਾਬ ਦੇ ਸਿਹਤ ਮੰਤਰੀ ਨੇ ਭਾਜਪਾ ਸ਼ਾਸਿਤ ਸੂਬਿਆਂ ਜਿਵੇਂ ਹਰਿਆਣਾ ਅਤੇ ਗੁਜਰਾਤ ਨੂੰ ਕੇਂਦਰ ਵੱਲੋਂ ਵੱਡੀ ਮਾਤਰਾ ਵਿਚ ਖ਼ੁਰਾਕ ਉਪਲੱਬਧ ਕਰਵਾਉਣ ’ਤੇ ਸਵਾਲ ਕੀਤਾ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਟੀਕਾਕਰਣ ਦੀਆਂ ਦੋ ਖ਼ੁਰਾਕਾਂ ਤੋਂ ਬਾਅਦ ਪੁਲਸ ਮੁਲਾਜ਼ਮਾਂ ਵਿਚ 98 ਫ਼ੀਸਦੀ ਸੁਰੱਖਿਆ ਮਿਲੀ ਹੈ। ਡਾ. ਰਾਜੇਸ਼ ਕੁਮਾਰ ਵੱਲੋਂ 3 ਫਰਵਰੀ ਤੋਂ 28 ਜੂਨ ਦੇ ਦਰਮਿਆਨ ਕੀਤੀ ਗਈ ਸਟੱਡੀ ਤੋਂ ਪਤਾ ਲੱਗਾ ਕਿ ਇਸ ਸਮੇਂ ਦੌਰਾਨ ਹੋਈਆਂ ਕੁੱਲ ਮੌਤਾਂ ਵਿਚੋਂ 15 ਮੌਤਾਂ ਟੀਕਾ ਨਾ ਲਗਾਉਣ ਵਾਲਿਆਂ ਦੀਆਂ ਹੋਈਆਂ ਹਨ, ਜਿਨ੍ਹਾਂ ਨੇ ਕੋਈ ਵੀ ਖ਼ੁਰਾਕ ਨਹੀਂ ਲਈ ਸੀ, ਜਦੋਂ ਕਿ ਦੋਵੇਂ ਖ਼ੁਰਾਕਾਂ ਲੈਣ ਵਾਲੇ ਸਿਰਫ਼ ਇਕ ਵਿਅਕਤੀ ਦੀ ਮੌਤ ਹੋਈ।

ਮੁੱਖ ਮੰਤਰੀ ਨੇ ਮੰਗਲਵਾਰ ਨੂੰ ਸਾਰੇ ਡਾਕਟਰਾਂ ਅਤੇ ਹੋਰ ਮੈਡੀਕਲ ਪੇਸ਼ੇਵਰਾਂ ਦਾ ਕੋਵਿਡ ਮਹਾਮਾਰੀ ਨਾਲ ਨਜਿੱਠਣ ਵਿਚ ਸੂਬੇ ਦੀ ਮਦਦ ਕਰਦਿਆਂ ਨਿਭਾਈਆਂ ਬੇਮਿਸਾਲ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਪਹਿਲੀ ਜੁਲਾਈ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਡਾਕਟਰ ਦਿਵਸ ਦੇ ਸੰਦਰਭ ਵਿਚ ਆਪਣੇ ਸੰਖੇਪ ਸੁਨੇਹੇ ਵਿਚ ਕਿਹਾ ਕਿ ਪੂਰੇ ਸੂਬੇ ਨੂੰ ਮੈਡੀਕਲ ਪੇਸ਼ੇਵਰਾਂ ’ਤੇ ਮਾਣ ਹੈ।

More News

NRI Post
..
NRI Post
..
NRI Post
..