ਇੰਡੋਨੇਸ਼ੀਆ ਬਣਿਆ ਕੋਰੋਨਾ ਦਾ ਨਵਾਂ ਹੋਟਸਪੋਟ

by vikramsehajpal

ਬਾਲੀ (ਦੇਵ ਇੰਦਰਜੀਤ) : ਇੰਡੋਨੇਸ਼ੀਆ ’ਚ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ ਤੇ ਬੁੱਧਵਾਰ ਨੂੰ ਪਹਿਲੀ ਵਾਰ ਕੋਰੋਨਾ ਵਾਇਰਸ ਦੇ 54,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਇੰਨੀ ਵੱਡੀ ਗਿਣਤੀ ਦੇ ਨਾਲ ਹੀ ਇੰਡੋਨੇਸ਼ੀਆ ਕੋਰੋਨਾ ਵਾਇਰਸ ਦੇ ਮਾਮਲੇ ’ਚ ਏਸ਼ੀਆ ਦਾ ਨਵਾਂ ਹੌਟ ਸਪੌਟ ਬਣਦਾ ਜਾ ਰਿਹਾ ਹੈ। ਅਧਿਕਾਰੀਆਂ ਨੂੰ ਡਰ ਹੈ ਕਿ ਤੇਜ਼ੀ ਨਾਲ ਆਪਣੀ ਲਪੇਟ ’ਚ ਲੈਣ ਵਾਲਾ ਵਾਇਰਸ ਦਾ ਡੈਲਟਾ ਰੂਪ ਹੁਣ ਜਾਵਾ ਤੇ ਬਾਲੀ ਟਾਪੂਆਂ ’ਚ ਵੀ ਫੈਲ ਰਿਹਾ ਹੈ, ਜਿਥੇ ਮਹਾਮਾਰੀ ਕਾਰਨ ਅੰਸ਼ਿਕ ਤੌਰ ’ਤੇ ਤਾਲਾਬੰਦੀ ਲਾਗੂ ਹੈ ਤੇ ਧਾਰਮਿਕ ਅਸਥਾਨਾਂ, ਮਾਲਜ਼, ਪਾਰਕ ਤੇ ਰੈਸਟੋਰੈਂਟ ਬੰਦ ਹਨ।

ਯੂਨੀਵਰਸਿਟੀ ਆਫ ਇੰਡੋਨੇਸ਼ੀਆ ਦੇ ਮਹਾਮਾਰੀ ਮਾਹਿਰ ਪੰਡੂ ਰਿਓਨੋ ਨੇ ਬੁੱਧਵਾਰ ਕਿਹਾ ਕਿ ਮੇਰਾ ਅੰਦਾਜ਼ਾ ਹੈ ਕਿ ਜੁਲਾਈ ’ਚ ਮਹਾਮਾਰੀ ਤੇਜ਼ੀ ਨਾਲ ਫੈਲੇਗੀ ਕਿਉਂਕਿ ਅਸੀਂ ਵਾਇਰਸ ਨੂੰ ਫੈਲਣ ਤੋਂ ਰੋਕਣ ’ਚ ਅਜੇ ਵੀ ਕਾਮਯਾਬ ਨਹੀਂ ਹੋਏ ਹਾਂ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸਮਾਜਿਕ ਪਾਬੰਦੀਆਂ ਅਜੇ ਵੀ ਢੁੱਕਵੀਆਂ ਨਹੀਂ ਹਨ। ਉਨ੍ਹਾਂ ਨੂੰ ਇਸ ਦੇ ਮੁਕਾਬਲੇ ਦੁੱਗਣਾ ਸਖਤ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਡੈਲਟਾ ਰੂਪ ਦੀ ਚੁਣੌਤੀ ਝੱਲ ਰਹੇ ਹਾਂ, ਜੋ ਦੋ ਗੁਣਾ ਖਤਰਨਾਕ ਹੈ। ਸਿਹਤ ਮੰਤਰਾਲਾ ਦੇ ਅਨੁਸਾਰ ਦੇਸ਼ ’ਚ ਹੁਣ ਤਕ 26 ਲੱਖ ਤੋਂ ਜ਼ਿਆਦਾ ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਤੇ ਵਾਇਰਸ ਨਾਲ 69,000 ਤੋਂ ਜ਼ਿਆਦਾ ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। ਇੰਡੋਨੇਸ਼ੀਆ ’ਚ ਇਕ ਮਹੀਨੇ ਤਕ ਰੋਜ਼ਾਨਾ ਤਕਰੀਬਨ 8000 ਨਵੇਂ ਮਾਮਲੇ ਆ ਰਹੇ ਸਨ।