ਮੇਰਾ ਸਫ਼ਰ ਅਜੇ ਸ਼ੁਰੂ ਹੋਇਆ : ਨਵਜੋਤ ਸਿੰਘ ਸਿੱਧੂ

by vikramsehajpal

ਜਲੰਧਰ (ਦੇਵ ਇੰਦਰਜੀਤ) : ਪੰਜਾਬ ਕਾਂਗਰਸ ਦੀ ਕਮਾਂਡ ਮਿਲਣ ਤੋਂ ਬਾਅਦ ਜੋਸ਼ ਨਾਲ ਲਬਰੇਜ ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਨੇ ਨਵਾਂ ਟਵੀਟ ਕਰਦੇ ਹੋਏ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ। ਸਿੱਧੂ ਨੇ ਆਖਿਆ ਕਿ ਖੁਸ਼ਹਾਲੀ, ਸਹੂਲਤਾਂ ਅਤੇ ਖੁਦਮੁਖ਼ਤਿਆਰੀ ਕੁੱਝ ਕੁ ਲੋਕਾਂ ਲਈ ਨਹੀਂ ਸਗੋਂ ਸਾਰਿਆਂ ਵਿਚ ਵੰਡਣ ਲਈ ਕਾਂਗਰਸ ਵਰਕਰ ਵੱਜੋਂ ਮੇਰੇ ਪਿਤਾ ਨੇ ਰੱਜਿਆ-ਪੁੱਜਿਆ ਘਰ ਛੱਡ ਕੇ ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਲਿਆ। ਉਨ੍ਹਾਂ ਨੂੰ ਦੇਸ਼ ਭਗਤੀ ਦੇ ਕਾਰਜਾਂ ਬਦਲੇ ਸਜ਼ਾ-ਏ-ਮੌਤ ਸੁਣਾਈ ਗਈ, ਜੋ ਕਿ ਕਿੰਗਜ਼ ਐਮਨਸਟੀ (King's Amnesty) ਰਾਣੀ ਦੇ ਜਨਮ-ਦਿਨ ਮੌਕੇ ਪਰਚੀਆਂ ਪਾ ਕੇ ਰੱਦ ਹੋਈ। ਫਿਰ ਉਹ ਦਹਾਕਿਆਂ ਤੱਕ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ, ਮੈਂਬਰ ਵਿਧਾਨ ਸਭਾ, ਮੈਂਬਰ ਵਿਧਾਨ ਪਰਿਸ਼ਦ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਬਣੇ।

ਸਿੱਧੂ ਨੇ ਕਿਹਾ ਕਿ ਅੱਜ ਮੇਰਾ ਮਿਸ਼ਨ ਉਸੇ ਸੁਫ਼ਨੇ ਨੂੰ ਪੂਰਾ ਕਰਨਾ ਅਤੇ ਕੁੱਲ ਹਿੰਦ ਕਾਂਗਰਸ ਦੇ ਇਸ ਅਜੇਤੂ ਕਿਲ੍ਹੇ ਨੂੰ ਹੋਰ ਮਜ਼ਬੂਤ ਕਰਨ ਲਈ ਅਣਥੱਕ ਕੰਮ ਕਰਨਾ ਹੈ। ਬਹੁਤ ਹੀ ਸਤਿਕਾਰਯੋਗ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੇਰੇ ਉੱਪਰ ਭਰੋਸਾ ਕਰਦਿਆਂ ਮੈਨੂੰ ਇਹ ਬੇਹੱਦ ਮਹੱਤਵਪੂਰਨ ਜ਼ੁੰਮੇਵਾਰੀ ਸੌਂਪੀ।

ਅੱਗੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਕਾਂਗਰਸ ਦਾ ਨਿਮਾਣਾ ਵਰਕਰ ਹੁੰਦਿਆਂ ਮੈਂ ਮਿਸ਼ਨ ‘ਜਿੱਤੇਗਾ ਪੰਜਾਬ’ ਪੂਰਾ ਕਰਨ ਲਈ ‘ਪੰਜਾਬ ਮਾਡਲ’ ਅਤੇ ਹਾਈ ਕਮਾਂਡ ਦੇ 18 ਨੁਕਾਤੀ ਏਜੰਡੇ ਰਾਹੀਂ ਲੋਕਾਂ ਦੀ ਤਾਕਤ ਲੋਕਾਂ ਤੱਕ ਵਾਪਸ ਪਹੁੰਚਾਉਣ ਖ਼ਾਤਰ ਪੰਜਾਬ ਵਿਚ ਕਾਂਗਰਸ ਪਰਿਵਾਰ ਦੇ ਹਰ ਮੈਂਬਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗਾ। ਮੇਰਾ ਸਫ਼ਰ ਅਜੇ ਸ਼ੁਰੂ ਹੀ ਹੋਇਆ ਹੈ।

More News

NRI Post
..
NRI Post
..
NRI Post
..