ਬਰੈਂਪਟਨ (ਦੇਵ ਇੰਦਰਜੀਤ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ ਬਰੈਂਪਟਨ, ਓਨਟਾਰੀਓ ਵਿੱਚ ਕਿਫਾਇਤੀ ਰੈਂਟਲ ਯੂਨਿਟਸ ਉਸਾਰਨ ਲਈ 120 ਮਿਲੀਅਨ ਡਾਲਰ ਦੀ ਮਦਦ ਕੀਤੀ ਜਾ ਰਹੀ ਹੈ।
ਇਸ ਪੈਸੇ ਦੀ ਵਰਤੋਂ ਇੱਕ ਅਜਿਹੀ 26 ਮੰਜਿਲਾਂ ਬਿਲਡਿੰਗ ਬਣਾਉਣ ਲਈ ਕੀਤੀ ਜਾਵੇਗੀ ਜਿਹੜੀ ਪੂਰੀ ਤਰ੍ਹਾਂ ਐਨਰਜੀ ਪੱਖੋਂ ਅਸਰਦਾਰ ਹੋਵੇਗੀ ਤੇ ਇਸ ਵਿੱਚ ਕਈ ਲੋਕ ਰਹਿ ਸਕਣਗੇ। ਇਨ੍ਹਾਂ ਯੂਨਿਟਸ ਵਿੱਚ 300 ਤੋਂ ਵੀ ਵੱਧ ਪਰਿਵਾਰਾਂ ਦੇ ਰਹਿਣ ਦੀ ਗੁੰਜਾਇਸ਼ ਹੋਵੇਗੀ। ਇਹ ਨਿਵੇਸ਼ ਫੈਡਰਲ ਸਰਕਾਰ ਦੇ ਮਜ਼ਬੂਤ ਕਮਿਊਨਿਟੀਜ਼ ਦੇ ਨਿਰਮਾਣ, ਰੋਜ਼ਗਾਰ ਦੇ ਮੌਕੇ ਪੈਦਾ ਕਰਨ, ਮੱਧ ਵਰਗ ਦੇ ਵਿਕਾਸ ਦੇ ਨਾਲ ਨਾਲ ਕਮਜ਼ੋਰ ਕੈਨੇਡੀਅਨਜ਼ ਅਤੇ ਬੇਘਰੇ ਲੋਕਾਂ ਦੀ ਮਦਦ ਕਰਨ ਵਾਲੇ ਪਲੈਨ ਦਾ ਹਿੱਸਾ ਹੈ।
ਇਹ ਐਲਾਨ ਰੈਂਟਲ ਕੰਸਟ੍ਰਕਸ਼ਨ ਫਾਇਨਾਂਸਿੰਗ ਪਹਿਲਕਦਮੀ, ਜੋ ਕਿ ਕੈਨੇਡਾ ਭਰ ਵਿੱਚ ਨਵੀਆਂ ਰੈਂਟਲ ਹਾਊਸਿੰਗ ਇਮਾਰਤਾਂ ਦੀ ਮਦਦ ਕਰਦਾ ਹੈ, ਦਾ ਹਿੱਸਾ ਹੈ। ਇਹ ਪੇਸ਼ਕਦਮੀ ਅਸਲ ਵਿੱਚ ਅਜਿਹੇ ਸ਼ਹਿਰਾਂ ਵਿੱਚ ਘੱਟ ਕੀਮਤ ਉੱਤੇ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ ਲਈ ਕੀਤੀ ਗਈ ਹੈ, ਜਿੱਥੇ ਕਿਰਾਏ ਉੱਤੇ ਘਰਾਂ ਦੀ ਲੋੜ ਹੈ।



