ਨਹੀਂ ਹੋਈ ਅਫਗਾਨ ਰਾਜਦੂਤ ਦੀ ਧੀ ਅਗਵਾ : ਗ੍ਰਹਿ ਮੰਤਰੀ ਸ਼ੇਖ ਰਾਸ਼ਿਦ

by vikramsehajpal

ਕਰਾਚੀ (ਦੇਵ ਇੰਦਰਜੀਤ) : ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਮੰਗਲਵਾਰ ਮੁੜ ਦਾਅਵਾ ਕਿ ਅਫਗਾਨਿਸਤਾਨ ਦੇ ਰਾਜਦੂਤ ਦੀ ਧੀ ਅਗਵਾ ਨਹੀਂ ਹੋਈ ਸੀ। ਉਨ੍ਹਾਂ ਰਾਜਦੂਤ ਦੀ ਧੀ ਦੇ ਅਗਵਾ ਮਾਮਲੇ ਦੀ ਜਾਂਚ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਦੱਸ ਦੇਈਏ ਕਿ ਇਸ ਮੁੱਦੇ ’ਤੇ ਦੋਵਾਂ ਗੁਆਂਢੀ ਦੇਸ਼ਾਂ ਦੇ ਰਿਸ਼ਤਿਆਂ ’ਚ ਹੋਰ ਕੁੜੱਤਣ ਆ ਗਈ ਹੈ। ਰਾਸ਼ਿਦ ਦਾ ਬਿਆਨ ਇਸਲਾਮਾਬਾਦ ਪੁਲਸ ਦੇ ਬਿਆਨ ਤੋਂ ਇਕ ਦਿਨ ਬਾਅਦ ਆਇਆ ਹੈ। ਪੁਲਸ ਨੇ ਕਿਹਾ ਕਿ ਉਸ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਅਫਗਾਨਿਸਤਾਨ ਦੇ ਰਾਜਦੂਤ ਨਜੀਬੁੱਲਾ ਅਲੀਖਿਲ ਦੀ 26 ਸਾਲਾ ਧੀ ਸਿਲਸਿਲਾ ਅਲੀਖਿਲ ਦਾ ਇਸਲਾਮਾਬਾਦ ’ਚ ਅਗਵਾ ਹੋਇਆ ਸੀ।

ਮੰਤਰੀ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਰਾਜਦੂਤ ਦੀ ਧੀ ਇਸਲਾਮਾਬਾਦ ਤੇ ਗੁਆਂਢੀ ਰਾਵਲਪਿੰਡੀ ਦੇ ਵੱਖ-ਵੱਖ ਸਥਾਨਾਂ ’ਤੇ 4 ਵੱਖ- ਵੱਖ ਟੈਕਸੀਆਂ ਰਾਹੀਂ ਗਈ ਤੇ ਪੁਲਸ ਕੋਲ ਸਾਰੀ ਜਾਣਕਾਰੀ ਹੈ। ਰਾਸ਼ਿਦ ਨੇ ਕਿਹਾ ਕਿ ਉਨ੍ਹਾਂ ਦੀ ਕਾਰ ’ਚ ਕੋਈ ਨਹੀਂ ਬੈਠਾ ਸੀ। ਇਹ ਅਗਵਾ ਦਾ ਮਾਮਲਾ ਨਹੀਂ ਹੈ।

ਅਸੀਂ ਕਾਨੂੰਨ ਮੁਤਾਬਕ ਐੱਫ. ਆਰ. ਆਈ. ਦਰਜ ਕੀਤੀ ਹੈ ਤੇ ਉਮੀਦ ਕਰਦੇ ਹਾਂ ਕਿ ਉਹ ਜਾਂਚ ’ਚ ਸ਼ਾਮਲ ਹੋਵੇਗੀ ਤੇ ਅੱਗੇ ਆ ਕੇ ਚਾਰ ਟੈਕਸੀ ਡਰਾਈਵਰਾਂ ਦੀ ਪਛਾਣ ਕਰੇਗੀ, ਜਿਨ੍ਹਾਂ ਦੇ ਵਾਹਨਾਂ ਦੀ ਵਰਤੋਂ ਉਸ ਦਿਨ ਕੀਤੀ ਸੀ। ਉਨ੍ਹਾਂ ਕਿਹਾ ਕਿ ਪਾਕਿ ਸਰਕਾਰ ਸਾਰਾ ਮਾਮਲਾ ਦੇਖ ਰਹੀ ਹੈ ਤੇ ਵਧੀਆ ਹੁੰਦਾ ਜੇ ਅਫਗਾਨ ਰਾਜਦੂਤ ਤੇ ਉਨ੍ਹਾਂ ਦੀ ਧੀ ਦੇਸ਼ ਵਾਪਸ ਨਾ ਜਾਂਦੇ। ਮੰਤਰੀ ਨੇ ਕਿਹਾ ਕਿ ਘਟਨਾ ਦੇ ਫੁਟੇਜ ਤੇ ਸਬੰਧਿਤ ਜਾਣਕਾਰੀ ਵਿਦੇਸ਼ ਵਿਭਾਗ ਨੂੰ ਦਿੱਤੀ ਗਈ ਹੈ ਤੇ ਹੁਣ ਉਹ ਫ਼ੈਸਲਾ ਕਰੇਗਾ ਕਿ ਉਸ ਨੂੰ ਡਿਪਲੋਮੈਟਿਕ ਭਾਈਚਾਰੇ ਨਾਲ ਸਾਂਝਾ ਕਰਨਾ ਹੈ ਜਾਂ ਨਹੀਂ।

ਜ਼ਿਕਰਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਨੂੰ ਰਾਜਦੂਤ ਦੀ ਧੀ ਸਿਲਸਿਲਾ ਨੂੰ ਅਗਵਾ ਕਰ ਕੇ ਕੁੱਟਮਾਰ ਕੀਤੀ ਗਈ ਸੀ। ਪਾਕਿਸਤਾਨ ਨੇ ਇਸ ਮਾਮਲੇ ’ਤੇ ਸਲਾਹ-ਮਸ਼ਵਰੇ ਲਈ ਅਫਗਾਨਿਸਤਾਨ ਤੋਂ ਆਪਣੇ ਰਾਜਦੂਤ ਨੂੰ ਬੁਲਾਇਆ ਹੈ। ਇਸ ਵਿਚਾਲੇ ਰਾਸ਼ਿਦ ਨੇ ਕਿਹਾ ਕਿ ਪਾਕਿਸਤਾਨ, ਕਾਬੁਲ ’ਚ ਸਰਕਾਰ ਨੂੰ ਲੈ ਕੇ ਅਫਗਾਨਿਸਤਾਨ ਦੇ ਫ਼ੈਸਲੇ ਨੂੰ ਸਵੀਕਾਰ ਕਰੇਗਾ ਤੇ ਪਾਕਿਸਤਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨ ਲਈ ਤਿਆਰ ਹੈ।

More News

NRI Post
..
NRI Post
..
NRI Post
..