ਪਬਲਿਕ ਸਰਵੈਂਟਸ ਲਈ ਵੈਕਸੀਨੇਸ਼ਨ ਲਾਜ਼ਮੀ : ਫ਼ੇਡਰਲ ਸਰਕਾਰ

by vikramsehajpal

ਓਟਾਵਾ (ਦੇਵ ਇੰਦਰਜੀਤ) : ਕੈਨੇਡਾ ਸਰਕਾਰ ਨੇ ਸੁ਼ੱਕਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਸਾਰੇ ਫੈਡਰਲ ਪਬਲਿਕ ਸਰਵੈਂਟਸ ਲਈ ਪੂਰੀ ਤਰ੍ਹਾਂ ਕੋਵਿਡ-19 ਵੈਕਸੀਨੇਸ਼ਨ ਕਰਵਾਉਣ ਦੀ ਸ਼ਰਤ ਰੱਖੀ ਗਈ ਹੈ।ਇੰਟਰਗਵਰਮੈਂਟਲ ਅਫੇਅਰਜ਼ ਮੰਤਰੀ ਡੌਮੀਨਿਕ ਲੀਬਲਾਂਕ ਨੇ ਆਖਿਆ ਕਿ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਨਿੱਤ ਨਵੇਂ ਵੇਰੀਐਂਟਸ ਆਫ ਕਨਸਰਨ ਮਿਲ ਰਹੇ ਹਨ ਤੇ ਇਹ ਹੱਦ ਨਾਲੋਂ ਜਿ਼ਆਦਾ ਤੇਜ਼ੀ ਨਾਲ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੇ ਹਨ।

ਇਸ ਬਾਰੇ ਅਜੇ ਪੂਰੀ ਤਫਸੀਲ ਨਾਲ ਜਾਣਕਾਰੀ ਨਹੀਂ ਦਿੱਤੀ ਗਈ ਹੈ, ਸਰਕਾਰ ਦਾ ਕਹਿਣਾ ਹੈ ਕਿ ਅਜੇ ਯੂਨੀਅਨਾਂ ਆਦਿ ਨਾਲ ਇਸ ਸਬੰਧ ਵਿੱਚ ਗੱਲਬਾਤ ਕਰਨੀ ਬਾਕੀ ਹੈ ਪਰ ਇਸ ਸਾਲ ਦੇ ਅੰਤ ਤੱਕ ਇਹ ਨਿਯਮ ਲਾਗੂ ਕਰ ਦਿੱਤਾ ਜਾਵੇਗਾ।

ਉਨ੍ਹਾਂ ਆਖਿਆ ਕਿ ਵੈਕਸੀਨਜ਼ ਮਹਾਂਮਾਰੀ ਖਤਮ ਕਰਨ ਦਾ ਬਿਹਤਰੀਨ ਤਰੀਕਾ ਹੈ। ਇਸੇ ਲਈ ਅਸੀਂ ਫੈਡਰਲ ਪਬਲਿਕ ਸਰਵਿਸ ਵਿੱਚ ਕੰਮ ਕਰਨ ਵਾਲਿਆਂ ਲਈ ਵੈਕਸੀਨੇਸ਼ਨ ਜ਼ਰੂਰੀ ਕਰਨੀ ਚਾਹੁੰਦੇ ਹਾਂ। ਉਨ੍ਹਾਂ ਆਖਿਆ ਕਿ ਅੱਧਾ ਮਿਲੀਅਨ ਲੋਕ ਸਿੱਧੇ ਤੌਰ ਉੱਤੇ ਫੈਡਰਲ ਸਰਕਾਰ ਲਈ ਕੰਮ ਕਰਦੇ ਹਨ, ਫਿਰ ਭਾਵੇਂ ਉਹ ਫੌਜ ਹੋਵੇ ਜਾਂ ਆਰਸੀਐਮਪੀ ਆਦਿ।ਇਸ ਤੋਂ ਇਲਾਵਾ ਇੱਕ ਮਿਲੀਅਨ ਲੋਕ ਫੈਡਰਲ ਸਰਕਾਰ ਵੱਲੋਂ ਨਿਯੰਤਰਿਤ ਕੀਤੀਆਂ ਜਾਣ ਵਾਲੀਆਂ ਇੰਡਸਟਰੀਜ਼ ਲਈ ਕੰਮ ਕਰਦੇ ਹਨ ਜਿਨ੍ਹਾਂ ਵਿੱਚ ਬੈਂਕ ਤੇ ਏਅਰਲਾਈਨਜ਼ ਆਦਿ ਸ਼ਾਮਲ ਹਨ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਹਫਤਾ ਪਹਿਲਾਂ ਪ੍ਰਿਵੀ ਕਾਊਂਸਲ ਦੇ ਕਲਰਕ ਤੋਂ ਇਸ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਵਿਚਾਰ ਕਰਨ ਬਾਰੇ ਆਖਿਆ ਸੀ।ਇਸ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਆਖਿਆ ਕਿ ਇਸ ਸਾਲ ਦੇ ਅੰਤ ਤੱਕ ਟਰਾਂਸਪੋਰਟੇਸ਼ਨ ਵਰਕਰਜ਼ ਲਈ ਵੀ ਵੈਕਸੀਨ ਲਾਜ਼ਮੀ ਹੋਵੇਗੀ।