18 ਸੂਤਰੀ ਏਜੰਡੇ ਨੂੰ ਲੈ ਕੇ ਕੈਪਟਨ ਸਿਆਸੀ ਧਮਕਾ ਕਰਨ ਨੂੰ ਤਿਆਰ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 18 ਸੂਤਰੀ ਏਜੰਡੇ ਨੂੰ ਲੈ ਕੇ ਕੁਝ ਹੋਰ ਅਹਿਮ ਫ਼ੈਸਲੇ ਅਗਲੇ ਕੁਝ ਦਿਨਾਂ ਵਿਚ ਲਏ ਜਾ ਸਕਦੇ ਹਨ। ਮੁੱਖ ਮੰਤਰੀ ਨੇ ਸਭ ਅਹਿਮ ਮਾਮਲਿਆਂ ਦਾ ਨਿਪਟਾਰਾ ਅਕਤੂਬਰ ਦੇ ਅੰਤ ਤੱਕ ਕਰਨ ਦੇ ਸੰਕੇਤ ਦਿੱਤੇ ਹਨ। ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਉਨ੍ਹਾਂ ਦੱਸਿਆ ਸੀ ਕਿ ਕੇਂਦਰੀ ਟੀਮ ਵੱਲੋਂ ਦਿੱਤੇ ਗਏ 18 ਸੂਤਰੀ ਏਜੰਡੇ ’ਤੇ ਸਰਕਾਰ ਵੱਲੋਂ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਹਰ ਏਜੰਡੇ ਦੀ ਵਿਸਥਾਰ ਨਾਲ ਜਾਣਕਾਰੀ ਸੋਨੀਆ ਨੂੰ ਦਿੱਤੀ ਗਈ ਸੀ। ਉਸ ਪਿਛੋਂ ਸੋਨੀਆ ਕਾਫੀ ਸੰਤੁਸ਼ਟ ਨਜ਼ਰ ਆਈ।

ਮੁੱਖ ਮੰਤਰੀ ਲਗਾਤਾਰ ਚੋਟੀ ਦੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਬਣਾ ਕੇ ਚੱਲ ਰਹੇ ਹਨ। ਉਨ੍ਹਾਂ ਸਭ ਨੂੰ 18 ਸੂਤਰੀ ਏਜੰਡੇ ’ਤੇ ਸਮਾਂਬੱਧ ਢੰਗ ਨਾਲ ਅਮਲ ਕਰਨ ਲਈ ਕਿਹਾ ਹੈ। ਵਿਧਾਨ ਸਭਾ ਚੋਣਾਂ ਤੱਕ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਪਾਰਟੀਆਂ ਜਾਂ ਕਾਂਗਰਸ ਪਾਰਟੀ ਦੇ ਅੰਦਰੂਨੀ ਵਿਰੋਧੀਆਂ ਲਈ ਕੋਈ ਵੀ ਏਜੰਡਾ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੇ।

ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ 18 ਸੂਤਰੀ ਪ੍ਰੋਗਰਾਮ ਵਿਚ ਸ਼ਾਮਲ ਮੁਲਾਜ਼ਮਾਂ ਦੇ ਮਾਮਲਿਆਂ ਨੂੰ ਨਿਪਟਾਉਣ ਦੇ ਹੁਕਮ ਦਿੱਤੇ ਹਨ, ਉਥੇ ਦੂਜੇ ਪਾਸੇ ਉਨ੍ਹਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਚੱਲ ਰਹੀ ਜਾਂਚ ਦੀ ਪ੍ਰਗਤੀ ਦੀ ਰਿਪੋਰਟ ਵੀ ਲਈ ਹੈ। ਇਸ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਕੋਲੋਂ ਗੈਰ-ਕਾਨੂੰਨੀ ਬੱਸ ਰੂਟਾਂ ਬਾਰੇ ਵੀ ਰਿਪੋਰਟਾਂ ਮੰਗਵਾਈਆਂ ਗਈਆਂ ਹਨ।

ਮੁੱਖ ਮੰਤਰੀ ਨੇ ਸਾਬਕਾ ਗੱਠਜੋੜ ਸਰਕਾਰ ਦੇ ਰਾਜਕਾਲ ਵਿਚ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਹੋਏ ਸਮਝੌਤੇ ਨੂੰ ਰੱਦ ਕਰਨ ਦੇ ਨਿਰਦੇਸ਼ ਵੀ ਪਾਵਰ ਕਾਰਪੋਰੇਸ਼ਨ ਨੂੰ ਦਿੱਤੇ ਹਨ। ਕੁੱਲ ਮਿਲਾ ਕੇ ਸਰਕਾਰ ਵੱਲੋਂ ਜਲਦੀ ਹੀ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦਾ ਇਕ ਵੱਡਾ ਫ਼ੈਸਲਾ ਆਉਣ ਵਾਲੇ ਦਿਨਾਂ ਵਿਚ ਲਿਆ ਜਾ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਸ਼ਿਆਂ ਦੇ ਮਾਮਲੇ ਵਿਚ ਵੀ ਸਰਕਾਰ ਵੱਲੋਂ ਜਲਦੀ ਹੀ ਕੋਈ ਵੱਡਾ ਕਦਮ ਚੁੱਕਿਆ ਜਾਏਗਾ। ਇਸ ਸਬੰਧੀ ਨਸ਼ਾ ਕਰਨ ਵਾਲੇ ਵੱਡੇ ਮਗਰਮੱਛਾਂ ’ਤੇ ਪੰਜਾਬ ਪੁਲਸ ਦੇ ਚੋਟੀ ਦੇ ਅਧਿਕਾਰੀਆਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਵੇਂ ਹੀ ਪੁਲਸ ਦਾ ਸ਼ਿਕੰਜਾ ਵੱਡੇ ਮਗਰਮੱਛਾਂ ’ਤੇ ਕੱਸਿਆ ਜਾਏਗਾ, ਤਿਵੇਂ ਹੀ ਇਹ ਸਰਕਾਰ ਦੀ ਇਕ ਹੋਰ ਵੱਡੀ ਪ੍ਰਾਪਤੀ ਹੋਵੇਗੀ।

More News

NRI Post
..
NRI Post
..
NRI Post
..