ਕੈਪਟਨ ਦਾ ਰਿਹਾਇਸ਼ ਘੇਰਨ ਦਾ ਐਕਸ਼ਨ ਪਨਬਸ/ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਮੁਲਤਵੀ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਉਤੇ ਗਏ ਪਨਬਸ/ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਦਾ ਘੇਰਾਓ ਕਰਨ ਦਾ ਐਕਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ ਠੇਕਾ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਨਬਸ/ਪੀਆਰਟੀਸੀ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਐੱਸਡੀਐੱਮ ਖਰੜ ਵੱਲੋਂ ਉਨ੍ਹਾਂ ਨੂੰ ਪੱਤਰ ਭੇਜ ਕੇ ਸੂਚਨਾ ਦਿੱਤੀ ਗਈ ਹੈ।

ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਉਪਰ ਵਿਚਾਰ ਕਰਨ ਲਈ ਮੁੱਖ ਸਕੱਤਰ ਪੰਜਾਬ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਨਬਸ/ਪੀਆਰਟੀਸੀ ਠੇਕਾ ਮੁਲਾਜ਼ਮ ਯੂਨੀਅਨ ਨੂੰ 8 ਸਤੰਬਰ ਨੂੰ ਪੰਜਾਬ ਸਕੱਤਰੇਤ ਵਿਖੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਹੈ।

ਪ੍ਰਧਾਨ ਗਿੱਲ ਨੇ ਕਿਹਾ ਕਿ ਐੱਸਡੀਐੱਮ ਨੇ ਉਕਤ ਪੱਤਰ ਵਿਚ ਯੂਨੀਅਨ ਦੇ ਪੰਜ ਨੁਮਾਇੰਦਿਆਂ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਇਸ ਲਈ ਯੂਨੀਅਨ ਵਲੋਂ ਅੱਜ ਸਿਸਵਾਂ ਫਾਰਮ ਹਾਊਸ ਦਾ ਕੀਤਾ ਜਾਣ ਵਾਲਾ ਘਿਰਾਓ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਰ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅਗਲੇ ਸੰਘਰਸ਼ ਦੀ ਰੂਪ ਰੇਖਾ ਮੀਟਿੰਗ ਤੋਂ ਬਾਅਦ ਐਲਾਨੀ ਜਾਵੇਗੀ।