ਪੰਜਾਬ ‘ਚ ਨਹੀ ਰਹਿਣ ਦਵਾਂਗੇ ਗੈਂਗਸਟਰਾਂ ਤੇ ਨਸ਼ਾ ਸਮੱਗਲਰਾਂ : ਸੁਖਜਿੰਦਰ ਸਿੰਘ ਰੰਧਾਵਾ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਦੇ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਕਿਹਾ ਹੈ ਕਿ ਗੈਂਗਸਟਰਾਂ, ਨਸ਼ਾ ਸਮੱਗਲਰਾਂ ਅਤੇ ਅੱਤਵਾਦੀਆਂ ਦੇ ਨੈਕਸਿਸ ਨੂੰ ਤੋੜਿਆ ਜਾਵੇਗਾ ਅਤੇ ਇਸ ਨੈਕਸਿਸ ਨੂੰ ਤੋੜਣ ਲਈ ਪੰਜਾਬ ਪੁਲਸ ਕੰਮ ’ਚ ਜੁਟ ਗਈ ਹੈ।

ਰੰਧਾਵਾ ਅੱਜ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਸਾਹਮਣੇ ਪੰਜਾਬ ਦੀ ਅਮਨ ਅਤੇ ਸ਼ਾਂਤੀ ਲਈ ਅਰਦਾਸ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਡਰੱਗਸ ਦੇ ਮਾਮਲੇ ’ਚ ਬਿਨਾਂ ਵਜ੍ਹਾ ਹੀ ਬਦਨਾਮ ਕੀਤਾ ਜਾ ਰਿਹਾ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਦੇਸ਼ ਦੀਆਂ ਕਈ ਬੰਦਰਗਾਹਾਂ ਤੋਂ ਨਸ਼ੇ ਵਾਲੇ ਪਦਾਰਥ ਪੰਜਾਬ ’ਚ ਆ ਰਹੇ ਹਨ। ਦੇਸ਼ ਦੀਆਂ ਇਨ੍ਹਾਂ ਬੰਦਰਗਾਹਾਂ ’ਤੇ ਸੁਰੱਖਿਆ ਏਜੰਸੀਆਂ ਨੂੰ ਕਾਰਵਾਈ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਪਹਿਲਾਂ ਵੀ ਮਿਲ ਕੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ’ਚ ਆਪਣਾ ਯੋਗਦਾਨ ਪਾਇਆ ਹੈ ਅਤੇ ਦੋਹਾਂ ਏਜੰਸੀਆਂ ਆਪਸੀ ਤਾਲਮੇਲ ਨਾਲ ਕੰਮ ਕਰ ਰਹੀਆਂ ਸਨ।

ਅਜਿਹੀ ਹਾਲਤ ’ਚ ਬੀ. ਐੱਸ. ਐੱਫ. ਦਾ ਅਧਿਕਾਰ ਖੇਤਰ ਵਧਾ ਕੇ 50 ਕਿਲੋਮੀਟਰ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਭਾਰਤ ਸਰਕਾਰ ਨੇ ਅਜਿਹਾ ਕਰ ਕੇ ਸੰਘੀ ਢਾਂਚੇ ਦੀ ਵਿਵਸਥਾ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਹੈ।

ਰੰਧਾਵਾ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਦੇਸ਼ ਦੀਆਂ ਹੋਰ ਬੰਦਰਗਾਹਾਂ ’ਤੇ ਪਹੁੰਚ ਰਹੇ ਨਸ਼ੇ ਵਾਲੇ ਪਦਾਰਥਾਂ ਨੂੰ ਫੜਣ ਲਈ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਇਹ ਨਸ਼ੇ ਵਾਲੇ ਪਦਾਰਥ ਬੰਦਰਗਾਹਾਂ ਤੋਂ ਪੰਜਾਬ ’ਚ ਭੇਜੇ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਸ ਆਪਣੇ ਵੱਲੋਂ ਨਸ਼ਾ ਸਮੱਗਲਰਾਂ ਅਤੇ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਗਠਜੋੜ ਨੂੰ ਤੋੜਣ ਲਈ ਜਾਂਚ ’ਚ ਲੱਗੀ ਹੋਈ ਹੈ ਅਤੇ ਉਸ ਨੂੰ ਛੇਤੀ ਹੀ ਵੱਡੀ ਸਫਲਤਾ ਵੀ ਮਿਲੇਗੀ।

ਰੰਧਾਵਾ ਨੇ ਕਿਹਾ ਕਿ ਉਹ ਭਾਰਤ ਸਰਕਾਰ ਤੋਂ ਮੰਗ ਕਰਦੇ ਹਨ ਕਿ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਸ਼ਰਧਾਲੂਆਂ ਲਈ ਤੁਰੰਤ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਹੁਣ ਕੋਵਿਡ ’ਤੇ ਵੀ ਕਾਫ਼ੀ ਹੱਦ ਤੱਕ ਲਗਾਮ ਲੱਗ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨਾਂ ਲਈ ਜਾਣ ਦੇ ਇੱਛੁਕ ਹਨ ਅਤੇ ਉਨ੍ਹਾਂ ਦੀ ਇਸ ਮੰਗ ਨੂੰ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਸਾਹਮਣੇ ਵੀ ਰੱਖਿਆ ਜਾਵੇਗਾ।

More News

NRI Post
..
NRI Post
..
NRI Post
..