ਕਿਸਾਨਾਂ ਦੀਆਂ ਮੌਤਾਂ ਦੇ ਮੁੱਦੇ ’ਤੇ ਰਾਹੁਲ ਗਾਂਧੀ ਨੇ ਘੇਰੀ ਕੇਂਦਰ ਸਰਕਾਰ

by jaskamal

ਨਿਊਜ਼ ਡੈਸਕ (ਜਸਕਮਲ) : ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦਾ ‘ਕੋਈ ਰਿਕਾਰਡ ਨਾ ਹੋਣ’ ਬਾਰੇ ਕੇਂਦਰ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਨੂੰ ‘ਗੈਰ-ਸੰਵੇਦਨਸ਼ੀਲ’ ਤੇ ‘ਹੰਕਾਰੀ ਰਵੱਈਆ’ ਕਰਾਰ ਦਿੱਤਾ। ਰਾਹੁਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਨਹੀਂ ਸੀ ਪਰ ਫਿਰ ਵੀ 403 ਕਿਸਾਨਾਂ ਦੇ ਵਾਰਿਸਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਪੰਜਾਬ ਦੇ ਬਾਹਰੋਂ ਵੀ 100 ਕਿਸਾਨਾਂ ਦੀ ਸੂਚੀ ਹੈ ਜਿਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਜਾਨ ਗੁਆਈ ਹੈ। ਇਸ ਤੋਂ ਇਲਾਵਾ 200 ਕਿਸਾਨਾਂ ਦੀ ਇਕ ਸੂਚੀ ਹੋਰ ਵੀ ਹੈ ਜੋ ਕਿ ਲੋਕਾਂ ਵੱਲੋਂ ਮੁਹੱਈਆ ਰਿਕਾਰਡ ਦੇ ਆਧਾਰ 'ਤੇ ਬਣੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਹ ਇਸ ਸੂਚੀ ਨੂੰ ਸੋਮਵਾਰ ਸੰਸਦ 'ਚ ਰੱਖਣਗੇ।