ਵਿਨੀਪੈਗ (ਪਾਇਲ): ਕੈਨੇਡਾ ਦੇ ਸਸਕੈਚਵਨ ਸੂਬੇ ਵਿਚ ਤਿੰਨ ਟਰੱਕਾਂ ਦੀ ਟੱਕਰ ਦੌਰਾਨ 33 ਸਾਲਾ ਦਾ ਇੰਦਰਜੀਤ ਸਿੰਘ ਦਮ ਤੋੜ ਗਿਆ। ਇਹ ਹਾਦਸਾ ਬਰੌਡਵਿਊ ਸ਼ਹਿਰ ਤੋਂ ਦੋ ਕਿੱਲੋਮੀਟਰ ਪੂਰਬ ਵੱਲ ਹਾਈਵੇਅ 1 ਅਤੇ ਹਾਈਵੇਅ 201 ਦੇ ਇੰਟਰ ਸੈਕਸ਼ਨ ਨੇੜੇ ਵਾਪਰਿਆ। ਜਿੱਥੇ ਐਮਰਜੈਂਸੀ ਕਾਮਿਆਂ ਵੱਲੋਂ ਇੰਦਰਜੀਤ ਸਿੰਘ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦਕਿ ਦੋ ਹੋਰਨਾਂ ਟਰੱਕਾਂ ਵਿਚ ਸਵਾਰ ਤਿੰਨ ਜਣਿਆਂ ਵਿਚੋਂ 2 ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸ ਦਇਏ ਕਿ ਪੁਲਿਸ ਮੁਤਾਬਕ ਤੀਜੇ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਵੱਜੀ।
ਬਰੌਡਵਿਊ ਆਰ.ਸੀ.ਐੱਮ.ਪੀ. ਮੁਤਾਬਕ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਦੋ ਟਰੱਕਾਂ ਦੀ ਆਪਸ 'ਚ ਟੱਕਰ ਹੋਈ, ਤੀਜਾ ਟਰੱਕ ਹਾਈਵੇਅ ਤੋਂ ਖਤਾਨਾਂ ਵਿਚ ਉਤਰ ਗਿਆ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਤੀਜਾ ਟਰੱਕ ਹਾਦਸੇ ਮਗਰੋਂ ਹਾਈਵੇਅ ਤੋਂ ਉੱਤਰਿਆ ਜਾਂ ਟੱਕਰ ਤੋਂ ਬਚਣ ਲਈ ਡਰਾਈਵਰ ਨੇ ਕੱਟ ਮਾਰਿਆ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਪਿੱਛੇ ਬਜ਼ੁਰਗ ਮਾਂ, ਪਤਨੀ ਅਤੇ 5 ਸਾਲ ਤੇ 3 ਸਾਲ ਦੀਆਂ ਧੀਆਂ ਛੱਡ ਗਿਆ ਹੈ।
ਆਰ.ਸੀ.ਐੱਮ.ਪੀ. ਵੱਲੋਂ ਜਾਨ ਗਵਾਉਣ ਵਾਲੇ ਡਰਾਈਵਰ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਅਤੇ ਸਿਰਫ਼ ਐਨਾ ਦੱਸਿਆ ਕਿ ਉਸ ਦੀ ਉਮਰ 33 ਸਾਲ ਹੈ ਤੇ ਉਹ ਵਿਨੀਪੈਗ ਵਿੱਚ ਰਹਿੰਦਾ ਸੀ ਜਿਸ ਦੇ ਪਰਵਾਰ ਨੂੰ ਹਾਦਸੇ ਬਾਰੇ ਇਤਲਾਹ ਦੇ ਦਿੱਤੀ ਗਈ। ਦੂਜੇ ਪਾਸੇ ਮਨਪ੍ਰੀਤ ਕੌਰ ਵੱਲੋਂ ਸਥਾਪਤ ਗੋਫੰਡਮੀ ਪੇਜ ਮੁਤਾਬਕ ਹਾਦਸੇ ਦੌਰਾਨ ਜਾਨ ਗਵਾਉਣ ਵਾਲਾ ਇੰਦਰਜੀਤ ਸਿੰਘ ਵਿਨੀਪੈਗ ਨਾਲ ਸਬੰਧਿਤ ਸੀ। ਇੰਦਰਜੀਤ ਸਿੰਘ ਦੀ ਬਜ਼ੁਰਗ ਮਾਂ, ਪਤਨੀ ਅਤੇ ਧੀਆਂ ਪੰਜਾਬ ਵਿਚ ਰਹਿੰਦੇ ਹਨ ਜਿਸ ਦੇ ਮੱਦੇਨਜ਼ਰ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ। ਅਚਨਚੇਤ ਵਾਪਰੀ ਇਸ ਤਰਾਸਦੀ ਨੇ ਪਰਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਦੂਜੇ ਸੈਮੀ ਦੇ ਡਰਾਈਵਰ ਅਤੇ ਯਾਤਰੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਸੱਟਾਂ ਵੀ ਲੱਗੀਆਂ ਸਨ। ਲੇਕਿਨ ਉਹਨਾਂ ਦੀ ਹਾਲਤ ਜਾਨਲੇਵਾ ਨਹੀਂ ਦੱਸੀ ਗਈ। ਪੁਲਿਸ ਦੇ ਮੁਤਾਬਕ ਤੀਜੇ ਸੈਮੀ ਦੇ ਡਰਾਈਵਰ ਨੂੰ ਕੋਈ ਸੱਟਾਂ ਨਹੀਂ ਆਈਆਂ। ਦੱਸ ਦਇਏ ਕਿ ਹਾਈਵੇਅ 1 ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ, ਪਰ ਕੁਝ ਸਮੇਂ ਬਾਅਦ ਇਸਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ।



