ਅਣਜਾਣੇ ‘ਚ ਸਰਹੱਦ ਪਾਰ ਕਰ ਭਾਰਤ ਪਹੁੰਚੀ 4 ਸਾਲਾ ਪਾਕਿਸਤਾਨੀ ਬੱਚੀ, ਬੀਐੱਸਐੱਫ ਜਵਾਨਾਂ ਨੇ…

by jaskamal

ਨਿਊਜ਼ ਡੈਸਕ : ਪਾਕਿਸਤਾਨ ਦੀ ਇਕ 4 ਸਾਲਾ ਬੱਚੀ ਗਲਤੀ ਨਾਲ ਭਾਰਤੀ ਸਰਹੱਦ 'ਚ ਦਾਖਲ ਹੋ ਗਈ। ਬੀਐੱਸਐੱਫ ਨੇ ਮਨੁੱਖਤਾ ਦਾ ਸੁਨੇਹਾ ਦਿੰਦਿਆਂ ਬੱਚੀ ਨੂੰ ਪਾਕਿਸਤਾਨ ਰੇਂਜਰਾਂ ਹਵਾਲੇ ਕਰ ਦਿੱਤਾ। ਬੀਐੱਸਐੱਫ ਵੱਲੋਂ ਚੁੱਕੇ ਗਏ ਇਸ ਕਦਮ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। 181 ਬਟਾਲੀਅਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਮਿਲਣ ਤੋਂ ਬਾਅਦ ਬੀਐੱਸਐਫ ਨੇ ਪਾਕਿਸਤਾਨੀ ਰੇਂਜਰਾਂ ਨਾਲ ਸੰਪਰਕ ਕੀਤਾ ਅਤੇ ਬੱਚੀ ਨੂੰ ਪਾਕਿਸਤਾਨ ਨੂੰ ਵਾਪਸ ਸੌਂਪ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਬੱਚੀ ਬੋਲ ਅਤੇ ਸੁਨ ਨਹੀਂ ਸਕਦੀ ਸੀ ਜਿਸ ਦੇ ਚੱਲਦਿਆਂ ਬੱਚੀ ਗ਼ਲਤੀ ਨਾਲ ਭਾਰਤ ਦੀ ਸਰਹੱਦ ਵਿਚ ਆ ਗਈ ਸੀ।

ਘਟਨਾ ਪੰਜਾਬ ਦੇ ਅਬੋਹਰ ਸੈਕਟਰ ਦੀ ਹੈ। ਇਕ 3-4 ਸਾਲ ਦੀ ਬੱਚੀ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰ ਕੇ ਭਾਰਤੀ ਸਰਹੱਦ 'ਚ ਦਾਖਲ ਹੋ ਗਈ। ਸੀਮਾ ਸੁਰੱਖਿਆ 'ਚ ਲੱਗੇ ਬੀਐੱਸਐੱਫ ਜਵਾਨਾਂ ਦੀ ਨਜ਼ਰ ਬੱਚੀ 'ਤੇ ਪਈ। ਸਿਪਾਹੀਆਂ ਨੇ ਲੜਕੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਜਾਂਚ ਤੋਂ ਬਾਅਦ ਬੀਐੱਸਐੱਫ ਨੇ ਫੈਸਲਾ ਕੀਤਾ ਕਿ ਲੜਕੀ ਗਲਤੀ ਨਾਲ ਭਾਰਤੀ ਸਰਹੱਦ 'ਚ ਆ ਗਈ ਸੀ। ਅਜਿਹੇ 'ਚ ਉਸ ਨੂੰ ਤੁਰੰਤ ਪਾਕਿਸਤਾਨ ਰੇਂਜਰਸ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲੜਕੀ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।