
ਮੁੰਬਈ (ਰਾਘਵ): ਫੀਸ ਨਾ ਭਰਨ 'ਤੇ 5 ਸਾਲ ਦੇ ਇਕ ਵਿਦਿਆਰਥੀ ਨੂੰ ਘੰਟਿਆਂਬੱਧੀ ਸਕੂਲ ਵਿਚ ਰੋਕਿਆ ਗਿਆ। ਇਸ ਮਾਮਲੇ ਨੂੰ ਲੈ ਕੇ ਦੋ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਨਵੀ ਮੁੰਬਈ ਦੇ ਇਕ ਸਕੂਲ ਦਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁੰਡੇ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਥਾਣੇ ਵਿਚ ਦੋ ਵਿਅਕਤੀਆਂ ਖਿਲਾਫ਼ ਕਿਸ਼ੋਰ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ, 2015 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਬੱਚੇ ਨੂੰ 28 ਜਨਵਰੀ ਨੂੰ ਸਕੂਲ ਕੰਪਲੈਕਸ ਵਿਚ ਜ਼ਬਰਨ ਰੋਕ ਕੇ ਰੱਖਿਆ ਗਿਆ ਅਤੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਇਸ ਦੀ ਵਜ੍ਹਾ ਫੀਸ ਦਾ ਭੁਗਤਾਨ ਨਾ ਹੋਣਾ ਦੱਸਿਆ। ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸਕੂਲ ਪ੍ਰਬੰਧਨ ਨੂੰ ਇਸ ਸਬੰਧ ਵਿਚ ਦੱਸਿਆ ਗਿਆ ਸੀ ਕਿ ਜਿਸ ਤੋਂ ਬਾਅਦ ਉਸ ਨੇ ਜਾਂਚ ਮਗਰੋਂ ਕਾਰਵਾਈ ਦਾ ਭਰੋਸਾ ਦਿੱਤਾ ਪਰ ਪ੍ਰਿੰਸੀਪਲ ਅਤੇ ਕੋਆਰਡੀਨੇਟਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ।