
ਪੱਤਰ ਪ੍ਰੇਰਕ : ਨੰਗਲ ਵਿਖੇ ਭਾਖੜਾ ਡੈਮ ਦੇਖਣ ਗਏ ਸਕੂਲੀ ਬੱਚਿਆਂ ਨਾਲ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬਰੇਕ ਫੇਲ ਹੋਣ ਕਾਰਨ ਪਿੰਡ ਓਲਿੰਡਾ ਨੇੜੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟ ਗਈ। ਇਸ ਹਾਦਸੇ 'ਚ ਕਈ ਬੱਚੇ ਜ਼ਖਮੀ ਹੋ ਗਏ।
ਦੱਸਿਆ ਗਿਆ ਹੈ ਕਿ ਸੀਨੀਅਰ ਸੈਕੰਡਰੀ ਸਕੂਲ ਬੁਰਜ, ਜ਼ਿਲ੍ਹਾ ਬਠਿੰਡਾ ਦੇ ਬੱਚੇ ਇੱਕ ਪ੍ਰਾਈਵੇਟ ਬੱਸ ਵਿੱਚ ਭਾਖੜਾ ਡੈਮ ਦੇਖਣ ਨੰਗਲ ਗਏ ਹੋਏ ਸਨ। ਬੱਸ ਵਿੱਚ ਅਧਿਆਪਕਾਂ ਸਮੇਤ 46 ਬੱਚੇ ਸਵਾਰ ਸਨ। ਇਸ ਦੌਰਾਨ ਤੇਜ਼ ਮੋੜ 'ਤੇ ਬੱਸ ਪਲਟ ਗਈ। ਇਸ ਹਾਦਸੇ ਤੋਂ ਬਾਅਦ ਹੜਕੰਪ ਮਚ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਬਿਲਾਸਪੁਰ ਦੀ ਜ਼ਿਲ੍ਹਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ 6-7 ਜ਼ਖਮੀ ਬੱਚਿਆਂ ਨੂੰ ਬੀ.ਬੀ.ਐਮ.ਬੀ. ਹਸਪਤਾਲ 'ਚ ਇਲਾਜ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।