ਨਵੀਂ ਦਿੱਲੀ (ਪਾਇਲ): ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏ.ਸੀ.ਬੀ.) ਨੇ ਕਸ਼ਮੀਰੀ ਗੇਟ ਰਜਿਸਟਰੀ ਦਫਤਰ ਦੇ ਬਾਹਰ ਕੰਮ ਕਰਨ ਵਾਲੇ ਡੀਡ ਰਾਈਟਰ ਕੇਸ਼ਵ ਜੋਸ਼ੀ ਨੂੰ ਸੁਪਰੀਮ ਕੋਰਟ ਵਿਚ ਪ੍ਰੈਕਟਿਸ ਕਰ ਰਹੇ ਵਕੀਲ ਡਾਕਟਰ ਬੀ ਰੈਡੀ ਤੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ।
ਦੱਸਿਆ ਗਿਆ ਕਿ ਜੋਸ਼ੀ ਰਜਿਸਟਰੀ ਦਫਤਰ ਦੇ ਅਧਿਕਾਰੀਆਂ ਲਈ ਦਲਾਲੀ ਦਾ ਕੰਮ ਕਰਦਾ ਸੀ। ਜੋਸ਼ੀ ਨੇ ਰਜਿਸਟਰੀ ਕਰਵਾਉਣ ਲਈ ਐਡਵੋਕੇਟ ਤੋਂ 3 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਦੋਵਾਂ ਵਿਚਾਲੇ 1.60 ਲੱਖ ਰੁਪਏ 'ਚ ਸੌਦਾ ਹੋਇਆ ਸੀ, ਜਿਸ ਦੀ ਪਹਿਲੀ ਕਿਸ਼ਤ ਸਵੀਕਾਰ ਕਰਦੇ ਹੋਏ ACB ਨੇ ਬੁੱਧਵਾਰ ਨੂੰ ਜੋਸ਼ੀ ਨੂੰ ਫੜ ਲਿਆ।
ਏਸੀਬੀ ਦੇ ਸੰਯੁਕਤ ਕਮਿਸ਼ਨਰ ਵਿਕਰਮਜੀਤ ਸਿੰਘ ਅਨੁਸਾਰ ਸ਼ਿਕਾਇਤਕਰਤਾ ਡਾਕਟਰ ਬੀ ਰੈਡੀ ਮੂਲ ਰੂਪ ਵਿੱਚ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਕਈ ਵਾਰ ਕੇਸਾਂ ਦੀਆਂ ਤਰੀਕਾਂ 'ਤੇ ਦਿੱਲੀ ਆ ਜਾਂਦਾ ਸੀ। ਛੇ ਮਹੀਨੇ ਪਹਿਲਾਂ ਉਸ ਨੇ ਅਹਾਤਾ ਠਾਕੁਰ ਦਾਸ, ਸਰਾਏ ਰੋਹੀਲਾ ਵਿੱਚ ਜਾਇਦਾਦ ਖਰੀਦੀ ਸੀ। ਜਦੋਂ ਉਹ ਕਸ਼ਮੀਰੀ ਗੇਟ ਸਥਿਤ ਰਜਿਸਟਰੀ ਦਫ਼ਤਰ ਵਿੱਚ ਰਜਿਸਟਰੀ ਕਰਵਾਉਣ ਲਈ ਆਇਆ ਤਾਂ ਉੱਥੇ ਮੌਜੂਦ ਇੱਕ ਅਧਿਕਾਰੀ ਨੇ ਉਸ ਨੂੰ ਬਾਹਰ ਬੈਠੇ ਡੀਡ ਰਾਈਟਰ ਕੇਸ਼ਵ ਜੋਸ਼ੀ ਤੋਂ ਬਣਾਏ ਗਏ ਦਸਤਾਵੇਜ਼ ਲੈਣ ਲਈ ਕਿਹਾ।
ਜੋਸ਼ੀ ਕੋਲ ਗਿਆ ਤਾਂ ਉਸ ਨੇ 3 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਰਿਸ਼ਵਤ ਦੇਣ ਤੋਂ ਅਸਮਰੱਥ ਹੋਣ ਕਾਰਨ ਉਸਦੀ ਰਜਿਸਟ੍ਰੇਸ਼ਨ ਨਹੀਂ ਹੋ ਸਕੀ ਅਤੇ ਉਸਨੂੰ ਵਾਪਸ ਆਂਧਰਾ ਪ੍ਰਦੇਸ਼ ਪਰਤਣਾ ਪਿਆ। ਜਦੋਂ ਸ਼ਿਕਾਇਤਕਰਤਾ ਨੂੰ ਇਹ ਮੰਗ ਅਨੈਤਿਕ ਲੱਗੀ ਤਾਂ ਉਸ ਨੇ ਇਸ ਦੀ ਸ਼ਿਕਾਇਤ ਰਜਿਸਟਰੀ ਦਫ਼ਤਰ ਵਿੱਚ ਮੌਜੂਦ ਅਧਿਕਾਰੀਆਂ ਨੂੰ ਵੀ ਕੀਤੀ, ਪਰ ਫਿਰ ਵੀ ਉਸ ਨੂੰ ਰਜਿਸਟਰੀ ਨਹੀਂ ਹੋਣ ਦਿੱਤੀ ਗਈ ਅਤੇ ਮਾਮਲੇ ਦੇ ਹੱਲ ਲਈ ਕੇਸ਼ਵ ਜੋਸ਼ੀ ਨੂੰ ਮਿਲਣ ਲਈ ਕਿਹਾ ਗਿਆ।
ਇਸ ਤੋਂ ਬਾਅਦ ਉਸ ਨੇ ਕੇਸ਼ਵ ਜੋਸ਼ੀ ਨਾਲ 1.60 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ ਅਤੇ 21 ਅਕਤੂਬਰ ਨੂੰ ਉਹ ਏਸੀਬੀ ਦਫ਼ਤਰ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਕੇਸ਼ਵ ਜੋਸ਼ੀ ਮੋਜਪੁਰ ਦਾ ਰਹਿਣ ਵਾਲਾ ਹੈ।
ਡੀਸੀਪੀ ਸ਼ਵੇਤਾ ਸਿੰਘ ਚੌਹਾਨ ਅਤੇ ਏਸੀਪੀ ਜਰਨੈਲ ਸਿੰਘ ਦੀ ਅਗਵਾਈ ਵਿੱਚ ਇੰਸਪੈਕਟਰ ਭਗਵਾਨ ਸਿੰਘ ਅਤੇ ਅਜੀਤ ਕੁਮਾਰ ਦੀ ਟੀਮ ਨੇ ਕੇਸ਼ਵ ਜੋਸ਼ੀ ਨੂੰ ਬੁੱਧਵਾਰ ਦੁਪਹਿਰ 12.15 ਵਜੇ ਰਜਿਸਟਰੀ ਦਫ਼ਤਰ ਦੇ ਬਾਹਰੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਜਾਂਚ ਦੇ ਆਧਾਰ 'ਤੇ ਏਸੀਬੀ ਰਜਿਸਟਰੀ ਦਫ਼ਤਰ ਦੇ ਸਰਕਾਰੀ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰੇਗੀ। ਡੀਡ ਰਾਈਟਰ ਨਾਲ ਜਿਨ੍ਹਾਂ ਦੀ ਸ਼ਮੂਲੀਅਤ ਪਾਈ ਗਈ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।



