ਲੁਧਿਆਣਾ (ਨੇਹਾ) : ਮਹਾਨਗਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਘਰ ਦੇ ਬਾਹਰ ਖੇਡ ਰਹੀ 2 ਸਾਲਾ ਬੱਚੀ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਵੱਢ ਲਿਆ। ਜਿਸ ਕਾਰਨ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਹਰ ਰੋਜ਼ ਕੁੱਤਿਆਂ ਵੱਲੋਂ ਬੱਚਿਆਂ ਸਮੇਤ ਬਜ਼ੁਰਗਾਂ 'ਤੇ ਹਮਲਾ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਇਹ ਮਾਮਲਾ ਲੁਧਿਆਣਾ ਦੀ ਰਾਜ ਕਾਲੋਨੀ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਘਰ ਦੇ ਬਾਹਰ ਖੇਡ ਰਹੀ 2 ਸਾਲ ਦੀ ਬੱਚੀ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਵੱਢ ਲਿਆ। ਲੜਕੀ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਦੱਸ ਦੇਈਏ ਕਿ ਲੜਕੀ ਦੇ ਸਿਰ, ਚਿਹਰੇ ਅਤੇ ਲੱਤਾਂ 'ਤੇ ਟਾਂਕੇ ਲਗਾਏ ਗਏ ਹਨ। ਕੁੱਤੇ ਨੇ ਬੱਚੀ ਦੇ ਸਿਰ ਅਤੇ ਚਿਹਰੇ ਨੂੰ ਬੁਰੀ ਤਰ੍ਹਾਂ ਵੱਢ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਇਲਾਜ 'ਤੇ ਕਰੀਬ ਡੇਢ ਲੱਖ ਰੁਪਏ ਖਰਚ ਕੀਤੇ ਹਨ।
ਜਾਣਕਾਰੀ ਦਿੰਦਿਆਂ ਪੀੜਤ ਲੜਕੀ ਦੇ ਪਿਤਾ ਨਰੇਸ਼ ਕੁਮਾਰ ਵਾਸੀ ਰਾਜਗੜ੍ਹ ਫਿਊਜ਼ਨ ਨੇ ਦੱਸਿਆ ਕਿ ਉਸ ਦੀ ਲੜਕੀ ਜਾਨਵੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਗਲੀ ਦੇ ਕੁੱਤੇ ਨੇ ਉਨ੍ਹਾਂ ਦੀ ਬੇਟੀ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁੱਤੇ ਨੇ ਬੱਚੀ ਨੂੰ ਬੁਰੀ ਤਰ੍ਹਾਂ ਨਾਲ ਖੁਰਚਿਆ। ਲੜਕੀ ਦਾ ਰੌਲਾ ਸੁਣ ਕੇ ਉਹ ਘਰੋਂ ਬਾਹਰ ਆ ਗਿਆ। ਇਸ ਦੌਰਾਨ ਲੜਕੀ ਗਲੀ ਵਿੱਚ ਬੇਹੋਸ਼ ਪਈ ਸੀ। ਲੋਕਾਂ ਦੀ ਮਦਦ ਨਾਲ ਖੂਨ ਨਾਲ ਲੱਥਪੱਥ ਬੱਚੀ ਨੂੰ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਜਾਨਵੀ ਉਨ੍ਹਾਂ ਦੀ ਇਕਲੌਤੀ ਬੇਟੀ ਹੈ। ਉਨ੍ਹਾਂ ਕਿਹਾ ਕਿ ਕਲੋਨੀ ਵਿੱਚ ਕੁੱਤਿਆਂ ਦੇ ਟੋਲੇ ਅਕਸਰ ਹੀ ਘੁੰਮਦੇ ਰਹਿੰਦੇ ਹਨ ਅਤੇ ਕਿਸੇ ਨਾ ਕਿਸੇ ਨੂੰ ਵੱਢ ਲੈਂਦੇ ਹਨ।